ਮੋਟਰਾਂ ਦੀ ਚੈਕਿੰਗ ਕਰਨ ਗਈ ਪਾਵਰਕਾਮ ਦੀ ਟੀਮ ’ਤੇ ਜਾਨ ਲੇਵਾ ਹਮਲਾ
Sunday, Jul 08, 2018 - 01:47 AM (IST)
ਹਰੀਕੇ ਪੱਤਣ, (ਲਵਲੀ)- ਸਬ ਡਵੀਜ਼ਨ ਹਰੀਕੇ ਅਧੀਨ ਚਲਦੇ ਫੀਡਰ ਗੱਟੀ ਹਰੀਕੇ ਦੇ ਫੀਡਰ ਓਵਰਲੋਡ ਚੱਲਣ ’ਤੇ ਚੱਲਦੀਆਂ ਨਾਜਾਇਜ਼ ਮੋਟਰਾਂ ਦੀ ਚੈਕਿੰਗ ਕਰਨ ਲਈ ਗਈ ਐੱਸ. ਡੀ. ਓ. ਹਰਭਜਨ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦੀ ਟੀਮ ’ਤੇ ਨਾਜਾਇਜ਼ ਮੋਟਰਾਂ ਚਲਾ ਰਹੇ ਅਨਸਰਾਂ ਵੱਲੋਂ ਜਾਨ ਲੇਵਾ ਹਮਲਾ ਕਰ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਪਾਵਰਕਾਮ ਦੀ ਟੀਮ ’ਤੇ ਹੋਏ ਹਮਲੇ ਦੀ ਸੂਚਨਾ ਮਿਲਣ ਉਪਰੰਤ ਐਕਸੀਅਨ ਪੱਟੀ ਦਵਿੰਦਰਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਪੁਲਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਜਾਇਜ਼ ਮੋਟਰਾਂ ਦਾ ਸਾਰਾ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਮੌਕੇ ਸਬ ਡਵੀਜ਼ਨ ਹਰੀਕੇ ਦੇ ਦਫਤਰ ਵਿਖੇ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਕਸੀਅਨ ਦਵਿੰਦਰਜੀਤ ਸਿੰਘ ਪੱਟੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹਰੀਕੇ ਦੇ ਐੱਸ. ਡੀ. ਓ. ਦੀ ਅਗਵਾਈ ਹੇਠ ਟੀਮ ਫੀਡਰ ਗੱਟੀ ਹਰੀਕੇ ਦੀ ਚੈਕਿੰਗ ਲਈ ਗਈ ਤਾਂ ਇਸ ਫੀਡਰ ’ਤੇ ਸਿੱਧੀਆਂ ਕੁੰਡੀਆਂ ਲਾ ਕੇ ਨਾਜਾਇਜ਼ ਮੋਟਰਾਂ ਚਲਾ ਰਹੇ ਵਿਅਕਤੀਆਂ ਅਤੇ ਹੋਰ 6-7 ਅਣਪਛਾਤੇ ਵਿਅਕਤੀਆਂ ਵੱਲੋਂ ਟੀਮ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ। ਉਕਤ ਵਿਅਕਤੀਆਂ ਖਿਲਾਫ ਵਿਭਾਗ ਵੱਲੋਂ ਥਾਣਾ ਮਖੂ ਵਿਖੇ ਲਿਖਤੀ ਤੌਰ ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਮੌਕੇ ਐਕਸੀਅਨ ਪੱਟੀ ਦਵਿੰਦਰਜੀਤ ਸਿੰਘ ਅਤੇ ਵੱਖ-ਵੱਖ ਡਵੀਜ਼ਨਾਂ ਦੇ ਇਕੱਠੇ ਹੋਏ ਮੁਲਾਜ਼ਮਾਂ ਵੱਲੋਂ ਨਾਜਾਇਜ਼ ਚੱਲਦੀਆਂ ਮੋਟਰਾਂ ਬੰਦ ਕਰ ਕੇ ਕੇਬਲਾ ਅਤੇ ਸਟਾਰਟਰ ਆਦਿ ਜ਼ਬਤ ਕਰ ਲਿਆ ਗਿਆ।
ਇਸ ਸਬੰਧੀ ਐੱਸ. ਡੀ. ਓ. ਹਰਭਜਨ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਖਿਲਾਫ ਸਿੱਧੀਆਂ ਕੁੰਡੀਆਂ ਲਾ ਕੇ ਬਿਜਲੀ ਚੋਰੀ ਕਰਨ ਦੀਆਂ ਧਾਰਾਵਾਂ ਤਹਿਤ ਚਲਾਨ ਕੱਟ ਕੇ ਜੁਰਮਾਨੇ ਪਾਏ ਜਾਣਗੇ ਅਤੇ ਥਾਣਾ ਵੇਰਕਾ ਨੂੰ ਅਗਲੇਰੀ ਕਾਰਵਾਰੀ ਲਈ ਸੂਚਿਤ ਕੀਤਾ ਜਾਵੇਗਾ। ਇਸ ਮੌਕੇ ਦਿਲਬਾਗ ਸਿੰਘ ਜੇ. ਈ., ਸੁਖਵੰਤ ਸਿੰਘ ਜੇ. ਈ., ਸਲਵੰਤ ਸਿੰਘ ਲਾਈਨਮੈਨ, ਸਾਹਿਬ ਸਿੰਘ ਲਾਈਨਮੈਨ, ਬਲਬੀਰ ਸਿੰਘ, ਮਲਕੀਤ ਸਿੰਘ, ਗੁਰਜੰਟ ਸਿੰਘ, ਜਸਬੀਰ ਸਿੰਘ, ਦੀਦਾਰ ਸਿੰਘ ਆਦਿ ਬਿਜਲੀ ਮੁਲਾਜ਼ਮ ਹਾਜ਼ਰ ਸਨ।
