ਚੰਗੀ ਸਿੱਖਿਆ ਲਈ ਮਾਤਾਵਾਂ ਦੀ ਹੋਵੇਗੀ ਟ੍ਰੇਨਿੰਗ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ’ਤੇ ਫੋਕਸ

Saturday, May 13, 2023 - 03:32 PM (IST)

ਚੰਗੀ ਸਿੱਖਿਆ ਲਈ ਮਾਤਾਵਾਂ ਦੀ ਹੋਵੇਗੀ ਟ੍ਰੇਨਿੰਗ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ’ਤੇ ਫੋਕਸ

ਚੰਡੀਗੜ੍ਹ (ਰਮਨਜੀਤ) : ਸਕੂਲੀ ਸਿੱਖਿਆ ਨੂੰ ਫੋਕਸ ਵਿਚ ਲੈ ਕੇ ਚੱਲ ਰਹੀ ਪੰਜਾਬ ਸਰਕਾਰ ਨੇ ਇਕ ਨਵੀਂ ਯੋਜਨਾ ਬਣਾਈ ਹੈ। ਇਸ ਦਾ ਮਕਸਦ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਰਵਗੁਣੀ ਵਿਕਾਸ ਦੇ ਮਾਰਗ ’ਤੇ ਅੱਗੇ ਵਧਾਉਣਾ ਹੈ ਤਾਂ ਕਿ 10ਵੀਂ-12ਵੀਂ ਜਮਾਤ ਤੱਕ ਪਹੁੰਚਦੇ-ਪਹੁੰਚਦੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਸਪੱਸ਼ਟ ਹੋ ਸਕਣ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਹਰ ਉਸ ਪਾਠ ਨੂੰ ਗੰਭੀਰਤਾ ਨਾਲ ਪੜ੍ਹਨ ਅਤੇ ਸਿੱਖਣ, ਜਿਸ ਨੂੰ ਅਧਿਆਪਕਾਂ ਵਲੋਂ ਪੜ੍ਹਾਇਆ ਜਾ ਰਿਹਾ ਹੈ। ਅਜਿਹੇ ਪਾਠਨ ਮਾਹੌਲ ਨੂੰ ਬਣਾਉਣ ਲਈ ਰਾਜ ਸਰਕਾਰ ਪ੍ਰੀ ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਟ੍ਰੇਂਡ ਕਰੇਗੀ। ਅਜਿਹਾ ਇਸ ਲਈ ਤਾਂ ਕਿ ਨੀਂਹ ਮਜ਼ਬੂਤ ਰੱਖੀ ਜਾਵੇ ਅਤੇ ਅੱਗੇ ਦੀ ਪੜ੍ਹਾਈ ਪ੍ਰਫੁਲਿਤ ਹੋਵੇ।

ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ ’ਚ ਚੱਲੇਗੀ ਭਿਆਨਕ 'ਲੂ', ਹੀਟ ਵੇਵ ਤੋਂ ਬਚਣ ਲਈ ਪੜ੍ਹੋ ਸਿਹਤ ਵਿਭਾਗ ਦੀ ਗਾਈਡਲਾਈਨ

ਇਸ ਲਈ ਮਦਰਜ਼ ਵਰਕਸ਼ਾਪ ਨੂੰ ਕੀਤਾ ਗਿਆ ਡਿਜ਼ਾਇਨ
ਸਿੱਖਿਆ ਵਿਭਾਗ ਵਲੋਂ ਇਹ ਜੋ ਮਦਰਜ਼ ਵਰਕਸ਼ਾਪ ਦਾ ਕੰਸੈਪਟ ਤਿਆਰ ਕੀਤਾ ਗਿਆ ਹੈ, ਉਸ ਦੇ ਪਿੱਛੇ ਸਰਵਵਿਦਿਤ ਤੱਥ ਹੈ ਕਿ ਮਾਂ ਹੀ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਉਹ ਮਾਂ ਹੀ ਹੁੰਦੀ ਹੈ, ਜਿਸ ਨਾਲ ਬੱਚਾ ਜਨਮ ਤੋਂ ਬਾਅਦ ਸਭ ਤੋਂ ਪਹਿਲਾ ਸੰਪਰਕ ਅਤੇ ਨਜ਼ਦੀਕੀ ਬਣਾਉਂਦਾ ਹੈ। ਹੌਲੀ-ਹੌਲੀ ਮਾਂ ਤੋਂ ਹੀ ਬੋਲਣਾ ਅਤੇ ਪਰਿਵਾਰਿਕ ਸੰਸਕਾਰ ਸਿੱਖਦਾ ਹੈ।
ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਮਦਰਜ਼ ਵਰਕਸ਼ਾਪ ਨੂੰ ਡਿਜ਼ਾਇਨ ਕੀਤਾ ਗਿਆ ਹੈ ਤਾਂ ਕਿ ਅਧਿਆਪਕਾਂ ਨੂੰ ਸਕੂਲ ਵਿਚ ਪੜ੍ਹਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਘਰ ਤੋਂ ਵੀ ਸਹਿਯੋਗ ਮਿਲ ਸਕੇ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਲਗਾਓ ਕਾਰਣ ਬੱਚੇ ਆਪਣੀ ਮਾਂ ਦੀ ਗੱਲ ਧਿਆਨ ਨਾਲ ਸੁਣਦੇ ਅਤੇ ਮੰਨਦੇ ਹਨ, ਇਸ ਲਈ ਜੇਕਰ ਮਾਵਾਂ ਬੱਚਿਆਂ ਦੀ ਸਿੱਖਿਆ ਵਿਚ ਸਹਿਯੋਗ ਦੇਣਗੀਆਂ ਅਤੇ ਨਿਗਰਾਨੀ ਰੱਖਣਗੀਆਂ ਤਾਂ ਬੱਚਿਆਂ ਵਿਚ ਪੜ੍ਹਨ ਦੀ ਰੁਚੀ ਵਧੇਗੀ।       

ਵਰਕਸ਼ਾਪ ਨੂੰ 4 ਹਿੱਸਿਆਂ ’ਚ ਵੰਡਿਆ
ਸਿੱਖਿਆ ਵਿਭਾਗ ਵਲੋਂ ਪ੍ਰੀ ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਦੀ ਟ੍ਰੇਨਿੰਗ ਵਰਕਸ਼ਾਪਸ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ, ਜੋ ਕਿ 19 ਮਈ ਤੋਂ ਸ਼ੁਰੂ ਹੋ ਕੇ 2 ਫਰਵਰੀ ਤੱਕ ਚੱਲੇਗੀ। ਪਹਿਲੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਪ੍ਰੀ ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤ ਦੀਆਂ ਕਿਤਾਬਾਂ ਅਤੇ ਸਟੱਡੀ ਮੈਟੀਰੀਅਲ ਨਾਲ ਜਾਣ-ਪਛਾਣ ਕਰਵਾਈ ਜਾਵੇਗੀ ਅਤੇ ਦੱਸਿਆ ਜਾਵੇਗਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਹੜਾ ਸਿਲੇਬਸ ਕਿਹੜੇ-ਕਿਹੜੇ ਕੁਆਟਰਜ਼ ਵਿਚ ਪੜ੍ਹਾਇਆ ਜਾਵੇਗਾ। ਦੂਜੀ ਟ੍ਰੇਨਿੰਗ ਵਰਕਸ਼ਾਪ ਦੌਰਾਨ ਮਾਤਾਵਾਂ ਨੂੰ ਉਨ੍ਹਾਂ ਵਿਦਿਅਕ ਸਰਗਰਮੀਆਂ ਤੋਂ ਜਾਣੂ ਕਰਵਾਇਆ ਜਾਵੇਗਾ, ਜੋ ਕਿ ਉਹ ਵਿਦਿਆਰਥੀਆਂ ਨਾਲ ਘਰ ਵਿਚ ਖੇਡ-ਖੇਡ ਵਿਚ ਕਰ ਸਕਣਗੀਆਂ। ਨਾਲ ਹੀ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸਬੰਧਤ ਵਰਕਸ਼ੀਟਾਂ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਉਹ ਹੋਮਵਰਕ ਦੌਰਾਨ ਵਿਦਿਆਰਥੀਆਂ ਦੀ ਨਿਗਰਾਨੀ ਕਰ ਸਕਣ।
ਟ੍ਰੇਨਿੰਗ ਦੇ ਤੀਜੇ ਹਿੱਸੇ ਦੌਰਾਨ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੇ ਪਹਿਲੀ ਜਮਾਤ ਵਿਚ ਪ੍ਰਵੇਸ਼ ਦੀ ਤਿਆਰੀ ਕਰਵਾਈ ਜਾਵੇਗੀ, ਜਿਸ ਵਿਚ ਉਨ੍ਹਾਂ ਦੇ ਵਰਦੀ ਪਹਿਨਣ, ਨੋਟਬੁਕਸ ਨੂੰ ਮੈਨਟੇਨ ਕਰਨ ਵਰਗੀਆਂ ਚੀਜ਼ਾਂ ਬਾਰੇ ਦੱਸਿਆ ਜਾਵੇਗਾ ਅਤੇ ਟ੍ਰੇਨਿੰਗ ਦੇ ਚੌਥੇ ਹਿੱਸੇ ਦੌਰਾਨ ਮਦਰਜ਼ ਨੂੰ ਸਕੂਲ ਵਿਚ ਸਿੱਖਿਆ ਦੌਰਾਨ ਅਧਿਆਪਕਾਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਟੀਚਿੰਗ ਐਂਡ ਲਰਨਿੰਗ ਮੈਟੀਰਿਅਲ (ਟੀ.ਐੱਲ. ਐੱਮ.) ਬਾਰੇ ਪੂਰਾ ਬਿਓਰਾ ਦਿੱਤਾ ਜਾਵੇਗਾ ਅਤੇ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਘਰ ਵਿਚ ਵੀ ਬੱਚਿਆਂ ਲਈ ਅਜਿਹਾ ਕੁਝ ਮੈਟੀਰੀਅਲ ਤਿਆਰ ਕਰਨ ਜਿਸ ਨਾਲ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਲਗਾਤਾਰ ਵਧਦੀ ਅਤੇ ਤ੍ਰਿਪਤ ਹੁੰਦੀ ਰਹੇ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਦੇ ਅਧਿਕਾਰਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ : ਕੰਗ

ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ’ਤੇ ਵੀ ਰਹੇ ਧਿਆਨ
4 ਹਿੱਸਿਆਂ ਵਿਚ ਦਿੱਤੀ ਜਾਣ ਵਾਲੀ ਇਸ ਮਦਰਜ਼ ਟ੍ਰੇਨਿੰਗ ਦੌਰਾਨ ਹੀ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਨਾ ਸਿਰਫ ਮੁੱਢਲੀ ਡਾਕਟਰੀ ਇਲਾਜ ਬਾਰੇ ਦੱਸਿਆ ਜਾਵੇਗਾ, ਸਗੋਂ ਬੱਚਿਆਂ ਦੇ ਟੀਕਾਕਰਣ ਕਰਵਾਉਣ ਅਤੇ ਰਿਕਾਰਡ ਰੱਖਣ, ਡੀ-ਵਾਰਮਿੰਗ ਕਰਨ ਅਤੇ ਬੱਚਿਆਂ ਨੂੰ ਹੋਣ ਵਾਲੀ ਆਮ ਬੀਮਾਰੀਆਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਨਾਲ ਹੀ ਬੱਚਿਆਂ ਦੀ ਸੁਰੱਖਿਆ ਲਈ ਪੋਕਸੋ ਐਕਟ ਬਾਰੇ ਵੀ ਦੱਸਿਆ ਜਾਵੇਗਾ ਅਤੇ ਇੰਟਰਨੈੱਟ ਕਾਰਨ ਬੱਚਿਆਂ ਦੀ ਵਿਦਿਆ ’ਤੇ ਪੈ ਰਹੇ ਪ੍ਰਭਾਵਾਂ ਦੀ ਵੀ ਚਰਚਾ ਕੀਤੀ ਜਾਵੇਗੀ।

ਪੀ.ਟੀ.ਐੱਮ. ਤੋਂ ਵੱਖ ਹੋਣਗੀਆਂ ਇਹ ਵਰਕਸ਼ਾਪਸ
ਵਿਭਾਗ ਵਲੋਂ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਮਦਰਜ਼ ਵਰਕਸ਼ਾਪਸ ਦੇ ਮਕਸਦ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਇਹ ਵਰਕਸ਼ਾਪ ਪੇਰੈਂਟਜ਼-ਟੀਚਰਜ਼ ਮੀਟਿੰਗ ਤੋਂ ਵੱਖ ਹੋਣ। ਮਦਰਜ਼ ਵਰਕਸ਼ਾਪਸ ਲਈ ਅਧਿਆਪਕ ਮੈਨੇਜਮੈਂਟ ਕਮੇਟੀ ਨਾਲ ਚਰਚਾ ਕਰ ਕੇ ਅਜਿਹਾ ਦਿਨ ਤੈਅ ਕਰਨ, ਜਿਸ ਦਿਨ ਸਾਰੇ ਬੱਚਿਆਂ ਦੀਆਂ ਮਾਵਾਂ ਹਿੱਸਾ ਲੈ ਸਕਣ ਅਤੇ ਅਧਿਆਪਕ ਇਹ ਤੈਅ ਕਰਨਗੇ ਕਿ ਸਾਰੇ ਬੱਚਿਆਂ ਦੀਆਂ ਮਾਤਾਵਾਂ ਨੂੰ ਮਦਰਜ਼ ਵਰਕਸ਼ਾਪ ਦਾ ਬਿਓਰਾ ਦਿੰਦਿਆਂ ਉਨ੍ਹਾਂ ਨੂੰ ਸੱਦਾ ਦਿੱਤਾ ਜਾਵੇ। ਇਹ ਸੱਦਾ ਫ਼ੋਨ ’ਤੇ ਅਤੇ ਖੁਦ ਮਿਲ ਕੇ ਵੀ ਦਿੱਤਾ ਜਾ ਸਕਦਾ ਹੈ। ਉਥੇ ਹੀ, ਵਰਕਸ਼ਾਪ ਲਈ ਵੀ ਪੈਨਸਿਲ-ਕਲਰਜ਼ ਅਤੇ ਹੋਰ ਸਟੇਸ਼ਨਰੀ ਦਾ ਪੂਰਾ ਇੰਤਜ਼ਾਮ ਪਹਿਲਾਂ ਤੋਂ ਕਰ ਕੇ ਰੱਖਣ ਨੂੰ ਕਿਹਾ ਗਿਆ ਹੈ।

ਸਾਡਾ ਉਦੇਸ਼ ਬੱਚਿਆਂ ਦੀ ਬਿਹਤਰ ਸਿੱਖਿਆ ਅਤੇ ਉਨ੍ਹਾਂ ਨੂੰ ਚੰਗਾ ਮਾਹੌਲ ਦੇਣਾ : ਬੈਂਸ
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਦੇਸ਼ ਸਾਰੇ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਉਨ੍ਹਾਂ ਨੂੰ ਸਿੱਖਿਆ ਦਾ ਚੰਗਾ ਮਾਹੌਲ ਦੇਣਾ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਸਿੱਖਿਆ ਮਾਡਲ ਦੀ ਜਿਵੇਂ ਹਰ ਪਾਸੇ ਤਾਰੀਫ਼ ਹੁੰਦੀ ਹੈ, ਉਝ ਹੀ ਤਾਰੀਫ਼ ਪੰਜਾਬ ਦੀ ਵੀ ਹੋਵੇਗੀ। ਬੱਚੇ ਸਕੂਲ ਤੋਂ ਜ਼ਿਆਦਾ ਸਮਾਂ ਘਰ ’ਤੇ ਗੁਜ਼ਾਰਦੇ ਹਨ ਅਤੇ ਉਥੇ ਵੀ ਜੇਕਰ ਉਨ੍ਹਾਂ ਨੂੰ ਐਕਟੀਵਿਟੀਜ਼ ਰਾਹੀਂ ਸਿੱਖਿਆ ਨਾਲ ਜੋੜੇ ਰੱਖਿਆ ਜਾ ਸਕੇ ਤਾਂ ਇਹ ਬਹੁਤ ਬਿਹਤਰ ਹੋਵੇਗਾ। ਮਜ਼ਬੂਤ ਨੀਂਹ ’ਤੇ ਜਿੰਨੀ ਵੀ ਵੱਡੀ ਇਮਾਰਤ ਖੜ੍ਹੀ ਹੋ ਜਾਵੇ, ਉਹ ਮਜ਼ਬੂਤੀ ਨਾਲ ਖੜ੍ਹੀ ਰਹੇਗੀ ਅਤੇ ਅੱਜ ਪੰਜਾਬ ਨੂੰ ਇਹੀ ਚਾਹੀਦੀ ਹੈ।

-ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਮੰਤਰੀ, ਪੰਜਾਬ।  

ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ! ਜਦੋਂ ICU ’ਚ ਦਾਖ਼ਲ 8 ਦਿਨਾ ਬੱਚੀ ਦੇ ਸਰੀਰ ’ਤੇ ਚੜ੍ਹੀਆਂ ਕੀੜੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News