ਸੜਕ ਹਾਦਸੇ ''ਚ ਐਕਟਿਵਾ ਸਵਾਰ ਮਾਂ ਦੀ ਮੌਤ ; 2 ਧੀਆਂ ਗੰਭੀਰ ਜ਼ਖਮੀ

Tuesday, Oct 24, 2017 - 01:56 AM (IST)

ਸੜਕ ਹਾਦਸੇ ''ਚ ਐਕਟਿਵਾ ਸਵਾਰ ਮਾਂ ਦੀ ਮੌਤ ; 2 ਧੀਆਂ ਗੰਭੀਰ ਜ਼ਖਮੀ

ਬਨੂੜ, (ਗੁਰਪਾਲ)- ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਰਾਸ਼ਟਰੀ ਰਾਜ ਮਾਰਗ 'ਤੇ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਮਾਂ ਦੀ ਮੌਤ ਤੇ 2 ਧੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। 
ਜਾਣਕਾਰੀ ਅਨੁਸਾਰ ਬੀਤੀ ਰਾਤ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਮਰ 42 ਸਾਲ ਵਾਸੀ ਮਾਲੇਰਕੋਟਲਾ ਜੋ ਕਿ ਬਲਟਾਨਾ (ਜ਼ੀਰਕਪੁਰ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਤੌਰ ਅਧਿਆਪਕਾ ਤਾਇਨਾਤ ਸੀ, ਐਕਟਿਵਾ 'ਤੇ ਆਪਣੀਆਂ ਧੀਆਂ ਗੁਰਸਿਮਰਨ ਕੌਰ (19) ਤੇ ਅਵਨੀਤ ਕੌਰ (15) ਨਾਲ ਸਵਾਰ ਹੋ ਕੇ ਰਾਜਪੁਰਾ ਤੋਂ ਜ਼ੀਰਕਪੁਰ ਵੱਲ ਆ ਰਹੀ ਸੀ। ਜਦੋਂ ਇਹ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਜਾਸਲਾਂ ਨੇੜੇ ਪਹੁੰਚੀਆਂ ਤਾਂ ਅਚਾਨਕ ਅੱਗੋਂ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਕਾਰਨ ਐਕਟਿਵਾ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ। ਹਾਦਸੇ ਵਿਚ ਐਕਟਿਵਾ ਸਵਾਰ ਮਾਂ ਤੇ ਦੋਵੇਂ ਧੀਆਂ ਗੰਭੀਰ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਅਧਿਆਪਕਾ ਗੁਰਜਿੰਦਰ ਕੌਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਇਲਾਜ ਦੌਰਾਨ ਦਮ ਤੋੜ ਗਈ।  ਸੰਪਰਕ ਕਰਨ 'ਤੇ ਜਾਂਚ ਅਧਿਕਾਰੀ ਏ. ਐੈੱਸ. ਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਧਿਆਪਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜ਼ਖਮੀ ਦੋਵੇਂ ਕੁੜੀਆਂ ਦੀ ਹਾਲਤ ਸਥਿਰ ਹੈ।


Related News