ਮਾਂ-ਧੀ ਨਾਲ ਛੇੜਛਾੜ ਦੇ ਦੋਸ਼ਾਂ ''ਚ ਹੋਵੇ ਏ. ਐੱਸ. ਆਈ. ਦੀ ਗ੍ਰਿਫ਼ਤਾਰੀ : ਡਾ. ਚੀਮਾ
Saturday, Aug 12, 2017 - 04:06 AM (IST)

ਚੰਡੀਗੜ੍ਹ, (ਪਰਾਸ਼ਰ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਸ ਪੁਲਸ ਚੌਕੀ ਇੰਚਾਰਜ ਖਿਲਾਫ ਤੁਰੰਤ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ, ਜਿਸ ਨੇ ਜ਼ੀਰਕਪੁਰ ਵਿਚ ਇਕ ਮੁਸਲਿਮ ਔਰਤ ਅਤੇ ਉਸ ਦੀ ਧੀ ਨਾਲ ਜਿਸਮਾਨੀ ਛੇੜਛਾੜ ਕੀਤੀ ਸੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਜ਼ੀਰਕਪੁਰ ਵਿਚ ਬਲਟਾਣਾ ਚੌਕੀ ਦੇ ਇੰਚਾਰਜ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਸ ਨੇ ਮੰਗਲਵਾਰ ਨੂੰ ਨਾਜਾਇਜ਼ ਤੌਰ 'ਤੇ ਹਿਰਾਸਤ ਵਿਚ ਰੱਖੇ ਆਪਣੇ ਮੁੰਡੇ ਨੂੰ ਮਿਲਣ ਆਈ ਮਾਂ ਅਤੇ ਧੀ ਨੂੰ ਨਾ ਸਿਰਫ ਕੁੱਟਿਆ ਅਤੇ ਧਮਕਾਇਆ, ਸਗੋਂ ਉਨ੍ਹਾਂ ਨਾਲ ਜਿਸਮਾਨੀ ਛੇੜਛਾੜ ਵੀ ਕੀਤੀ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਜੇਕਰ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਇਸ ਮਾਮਲੇ ਵਿਚ ਮੂਕ ਦਰਸ਼ਕ ਹੀ ਬਣੇ ਰਹੇ ਅਤੇ ਦੋਸ਼ੀ ਪੁਲਸ ਅਧਿਕਾਰੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਤੁਰੰਤ ਅਹੁਦੇ ਤੋਂ ਨਾ ਹਟਾਇਆ ਤਾਂ ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੈ ਕੇ ਜਾਵੇਗਾ।
ਇਹ ਹੈ ਮਾਮਲਾ-ਡਾ. ਚੀਮਾ ਨੇ ਦੱਸਿਆ ਕਿ ਜਦੋਂ ਮੁਸਲਿਮ ਔਰਤ ਨੂੰ ਆਪਣੇ ਪੁੱਤਰ ਮੋਬਿਨ ਖਾਨ ਦੇ ਪੁਲਸ ਹਿਰਾਸਤ ਵਿਚ ਹੋਣ ਬਾਰੇ ਪਤਾ ਲੱਗਾ ਤਾਂ ਉਹ ਚੌਕੀ ਪਹੁੰਚੀ, ਜਿਥੇ ਚੌਕੀ ਅਧਿਕਾਰੀਆਂ ਨੇ ਕਿਹਾ ਕਿ ਉਥੇ ਉਸ ਦਾ ਮੁੰਡਾ ਨਹੀਂ ਹੈ ਪਰ ਜਦੋਂ ਉਸ ਨੇ ਅੰਦਰ ਜਾ ਕੇ ਛਾਣਬੀਣ ਕੀਤੀ ਤਾਂ ਉਸ ਦਾ ਮੁੰਡਾ ਇਕ ਕਮਰੇ ਵਿਚ ਬੰਦ ਕੀਤਾ ਹੋਇਆ ਸੀ। ਜਦੋਂ ਉੁਸ ਔਰਤ ਨੇ ਪੁਲਸ ਕਰਮਚਾਰੀਆਂ ਨੂੰ ਪੁੱਛਿਆ ਕਿ ਉਨ੍ਹਾਂ ਝੂਠ ਕਿਉਂ ਬੋਲਿਆ ਤਾਂ ਇਸ ਗੱਲ 'ਤੇ ਚੌਕੀ ਇੰਚਾਰਜ ਨਰਿੰਦਰਪਾਲ ਸਿੰਘ ਭੜਕ ਗਿਆ ਅਤੇ ਉਹ ਔਰਤ ਨੂੰ ਗਾਲ੍ਹਾਂ ਕੱਢਣ ਲੱਗਿਆ। ਔਰਤ ਦੇ ਬਿਆਨਾਂ ਮੁਤਾਬਿਕ ਏ. ਐੱਸ. ਆਈ. ਨੇ ਉਸ ਦੇ ਲੱਤਾਂ ਮਾਰੀਆਂ, ਉਸ ਦੀ ਸਲਵਾਰ ਪਾੜ ਦਿੱਤੀ ਅਤੇ ਉਸ ਦੀ ਧੀ ਦਾ ਸੂਟ ਵੀ ਪਾੜ ਦਿੱਤਾ। ਇਸ ਤੋਂ ਬਾਅਦ ਜੋ ਕੁੱਝ ਵਾਪਰਿਆ, ਉਹ ਸਾਰਾ ਪੀੜਤਾਂ ਨੇ ਇਕ ਵੀਡੀਓ ਵਿਚ ਦੱਸਿਆ ਹੈ ਅਤੇ ਇਹ ਵੀਡੀਓ ਜਾਂਚ ਲਈ ਸਰਕਾਰ ਕੋਲ ਭੇਜ ਦਿੱਤੀ ਹੈ।