ਬਾਲਿਆਂਵਾਲੀ ’ਚ ਦਿਲ ਕੰਬਾਉਣ ਵਾਲੀ ਘਟਨਾ, ਕਲਯੁਗੀ ਮਾਂ ਨੇ ਬੱਚਿਆਂ ਨੂੰ ਦਿੱਤਾ ਜ਼ਹਿਰ, ਖ਼ੁਦ ਵੀ ਨਿਗਲਿਆ

08/09/2021 6:36:34 PM

ਬਾਲਿਆਂਵਾਲੀ (ਸ਼ੇਖਰ) : ਨੇੜਲੇ ਪਿੰਡ ਮੰਡੀ ਕਲਾਂ ਵਿਖੇ ਇਕ ਪੱਥਰ ਦਿਲ ਮਾਂ ਵੱਲੋਂ ਗੁੱਸੇ ਵਿਚ ਆ ਕੇ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਜ਼ਹਿਰ ਦੇ ਕੇ ਬਾਅਦ ਵਿਚ ਖੁਦ ਵੀ ਜ਼ਹਿਰ ਨਿਗਲ ਲਿਆ। ਇਸ ਦੌਰਾਨ ਇਕ ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਸਮੇਂ ਮਾਂ ਅਤੇ ਉਸ ਦੀ 3 ਸਾਲਾ ਬੇਟੀ ਬਠਿੰਡਾ ਦੇ ਹਸਪਤਾਲਾਂ ਵਿਚ ਦਾਖਲ ਹਨ। ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਗਤਾਰ ਸਿੰਘ ਵਾਸੀ ਮੰਡੀ ਕਲਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦਾ ਵਿਆਹ 4 ਸਾਲ ਪਹਿਲਾਂ ਮਨਪ੍ਰੀਤ ਕੌਰ ਉਰਫ ਅੱਕੋ ਵਾਸੀ ਕੌਲੋਕੇ ਨਾਲ ਹੋਇਆ ਸੀ। ਉਪਰੰਤ ਉਸ ਦੇ ਘਰ 2 ਬੱਚਿਆਂ ਨੇ ਜਨਮ ਲਿਆ। ਬੇਟੀ ਹੁਸਨਪ੍ਰੀਤ ਕੌਰ ਦੀ ਉਮਰ 3 ਸਾਲ ਅਤੇ ਬੇਟੇ ਗੁਰਪ੍ਰੀਤ ਸਿੰਘ ਦੀ ਉਮਰ 1 ਸਾਲ ਹੈ। ਬੀਤੀ ਰਾਤ ਜਦੋਂ ਉਹ ਦੇਰ ਸ਼ਾਮ ਆਪਣੇ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਦੀ ਪਤਨੀ ਆਪਣੀ ਬੇਟੀ ਨੂੰ ਕੁੱਟ ਰਹੀ ਸੀ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਦਿੱਤਾ ਵੱਡਾ ਬਿਆਨ

ਇਸ ਦੌਰਾਨ ਉਸ ਨੇ ਜਦੋਂ ਕੁੱਟਣ ਦਾ ਕਾਰਨ ਪੁੱਛਿਆ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਇਹ ਉਸ ਦੇ ਬੱਚੇ ਹਨ, ਉਸ ਨੇ ਹੀ ਸਾਂਭਣੇ ਹਨ ਅਤੇ ਉਹ ਇਨ੍ਹਾਂ ਨੂੰ ਕੁੱਟ ਵੀ ਸਕਦੀ ਹੈ ਤੇ ਕੁਝ ਖੁਆ ਕੇ ਮਾਰ ਵੀ ਸਕਦੀ ਹੈ। ਉਸ ਰਾਤ ਦੇ ਇਸ ਰੌਲ਼ੇ ਮਗਰੋਂ ਉਹ ਬਿਨਾਂ ਰੋਟੀ ਖਾਧੇ ਹੀ ਸੌਂ ਗਏ। ਕੱਲ੍ਹ ਸਵੇਰੇ ਵੀ ਉਸ ਦੀ ਪਤਨੀ ਉੱਠਣ ਤੋਂ ਬਾਅਦ ਉਸ ਨੂੰ ਬੁਰਾ ਭਲਾ ਬੋਲਦੀ ਰਹੀ ਤਾਂ ਉਹ ਬਿਨਾਂ ਕੁਝ ਖਾਧੇ ਆਪਣੇ ਕੰਮ ’ਤੇ ਚਲਾ ਗਿਆ। ਉਪਰੰਤ ਦੁਪਹਿਰ ਸਮੇਂ ਉਸ ਦੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਬੱਚਿਆਂ ਨੂੰ ਵੀ ਖੁਆ ਦਿੱਤੀ ਹੈ। ਇਸ ਮਗਰੋਂ ਉਹ ਘਰ ਆਇਆ ਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਰਾਮਪੁਰਾ ਦੇ ਹਸਪਤਾਲ ਵਿਚ ਲੈ ਗਿਆ ਜਿਥੇ ਡਾਕਟਰ ਨੇ ਤਿੰਨਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕਲੱਬ ’ਚ ਪਿਆ ਭੜਥੂ, ਬਾਊਂਸਰਾਂ ਦੇ ਡਰ ਤੋਂ ਭੱਜੇ ਨੌਜਵਾਨ ਨੂੰ ਅੱਗੋਂ ਅਚਾਨਕ ਮਿਲੀ ਮੌਤ

ਇਸ ਦੌਰਾਨ ਉਸ ਦੇ ਸਹੁਰੇ ਘਰ ਵਾਲੇ ਵੀ ਆ ਗਏ ਅਤੇ ਮਨਪ੍ਰੀਤ ਕੌਰ ਨੂੰ ਬਠਿੰਡਾ ਹਸਪਤਾਲ ਲੈ ਗਏ ਜਦ ਕਿ ਉਹ ਵੀ ਆਪਣੇ ਬੱਚਿਆਂ ਨੂੰ ਬਠਿੰਡਾ ਦੇ ਇਕ ਨਿਜੀ ਹਸਪਤਾਲ ਲੈ ਗਿਆ ਪਰ ਰਸਤੇ ਵਿਚ ਬੇਟੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਬੇਟੀ ਹੁਸਨਪ੍ਰੀਤ ਕੌਰ ਹਸਪਤਾਲ ਵਿਚ ਜੇਰੇ ਇਲਾਜ ਹੈ। ਮਾਮਲੇ ਦੇ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨਾਂ ’ਤੇ ਮਨਪ੍ਰੀਤ ਕੌਰ ਖ਼ਿਲਾਫ਼ ਧਾਰਾ 302, 307 ਅਤੇ 309 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਮਨਪ੍ਰੀਤ ਕੌਰ ਦੇ ਬਿਆਨ ਰਹਿੰਦੇ ਹਨ ਅਤੇ ਪੁਲਸ ਸਾਰੇ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ ਕਤਲ

ਨੋਟ -  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News