''ਪੰਜਾਬ ਅੰਦਰ ਬਣਾਏ ਜਾ ਸਕਦੇ ਹਨ ਇੱਕ ਤੋਂ ਜ਼ਿਆਦਾ ਉਪ ਮੁੱਖ ਮੰਤਰੀ, ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ''
Thursday, Jul 08, 2021 - 09:57 PM (IST)
ਗੁਰਦਾਸਪੁਰ(ਹਰਮਨ)- ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵੱਡੇ ਘਮਾਸਾਨ ਦੇ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹੋਈ ਮੀਟਿੰਗ ਦੇ ਸਬੰਧ ਵਿਚ ਗੱਲਬਾਤ ਕਰਦਿਆਂ ਅੱਜ ਸਾਬਕਾ ਕੇਂਦਰੀ ਮੰਤਰੀ ਡਾ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਾਈਕਮਾਂਡ ਜੋ ਵੀ ਫੈਸਲਾ ਕਰੇਗੀ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਕਹਿ ਚੁੱਕੇ ਹਨ ਕਿ ਉਹ ਗਾਂਧੀ ਪਰਿਵਾਰ ਪ੍ਰਤੀ ਵਚਨਬੱਧ ਹਨ। ਇਨ੍ਹਾਂ ਬਿਆਨਾਂ ਤੋਂ ਇਹ ਸਪਸ਼ਟ ਹੈ ਕਿ ਪਾਰਟੀ ਪ੍ਰਧਾਨ ਦਾ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਹੋਰ ਧਾਰਮਿਕ ਅਸਥਾਨਾਂ ਵਾਂਗ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵੀ ਖੋਲ੍ਹਿਆ ਜਾਵੇ : ਗਿ. ਹਰਪ੍ਰੀਤ ਸਿੰਘ
ਡਾ ਅਸ਼ਵਨੀ ਕੁਮਾਰ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਬਹੁਤ ਵਿਸਥਾਰਪੂਰਵਕ ਚਰਚਾ ਹੋਈ ਹੈ ਜਿਸ ਦਾ ਮਕਸਦ ਲੋਕ ਹਿਤ ਅਤੇ ਪਾਰਟੀ ਦੀ ਮਜ਼ਬੂਤੀ ਲਈ ਚੁੱਕੇ ਜਾਣ ਵਾਲੇ ਨਵੇਂ ਕਦਮਾਂ ਸਬੰਧੀ ਰੂਪ ਰੇਖਾ ਤਿਆਰ ਕਰਨਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਦੇ ਪੁਨਰਗਠਨ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ ਹੈ ਜਿਸ ਦੇ ਬਾਅਦ ਹੁਣ ਪਾਰਟੀ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦੇ ਵਿਸਥਾਰ ਮੌਕੇ ਹਾਈ ਕਮਾਨ ਮੁੱਖ ਮੰਤਰੀ ਦੀ ਸਲਾਹ ਨੂੰ ਅਹਿਮੀਅਤ ਦੇਵੇਗੀ। ਪਰ ਆਖ਼ਰੀ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹੀ ਕਰਨਾ ਹੈ। ਨਵੇਂ ਉੱਪ ਮੁੱਖ ਮੰਤਰੀ ਬਣਾਉਣ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਪੰਜਾਬ ਵਿੱਚ ਇੱਕ ਤੋਂ ਜ਼ਿਆਦਾ ਉਪ ਮੁੱਖ ਮੰਤਰੀ ਬਣਾਏ ਜਾਣਗੇ।
ਪੜ੍ਹੋ ਇਹ ਵੀ ਖ਼ਬਰ - PSGPC ਵਲੋਂ ਕਰਤਾਰਪੁਰ ਲਾਂਘੇ ਖੋਲ੍ਹੇ ਜਾਣ ਦੀ ਮੰਗ ਦਾ ਭਰਵਾਂ ਸਵਾਗਤ, ਕਿਹਾ- ਇਸ ਨਾਲ ਵਧੇਗੀ ਅਮਨ-ਸ਼ਾਂਤੀ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਪਾਰਟੀ ਵਿੱਚ ਅਹਿਮ ਭੂਮਿਕਾ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕਿਸੇ ਹਿੰਦੂ ਜਾਂ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ । ਡਾ. ਕੁਮਾਰ ਨੇ ਕਿਹਾ ਕਿ ਕਾਂਗਰਸ ਸਾਰੇ ਭਾਈਚਾਰਿਆਂ ਨੂੰ ਯੋਗ ਨੁਮਾਇੰਦਗੀ ਦਿੰਦੀ ਆਈ ਹੈ ਅਤੇ ਹੁਣ ਵੀ ਪਾਰਟੀ ਵਿੱਚ ਕੀਤਾ ਜਾਣ ਵਾਲਾ ਫੇਰਬਦਲ ਸਾਰੇ ਲੋਕਾਂ ਅਤੇ ਆਗੂਆਂ ਦੇ ਹੱਕ ਵਿੱਚ ਹੋਵੇਗਾ।