ਪੈਸਿਆਂ ਦੇ ਲੈਣ-ਦੇਣ ''ਚ ਚੱਲੀਆਂ ਗੋਲੀਆਂ, 2 ਜ਼ਖਮੀ
Sunday, Jul 16, 2017 - 05:47 PM (IST)

ਅੰਮ੍ਰਿਤਸਰ - ਸੁਲਤਾਨਵਿੰਡ ਰੋਡ 'ਤੇ ਸਥਿਤ ਮੰਦਰ ਵਾਲਾ ਬਾਜ਼ਾਰ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਗੁੱਟ ਆਪਸ ਵਿਚ ਉਲਝ ਗਏ। ਇਸ ਦੌਰਾਨ ਚੱਲੀਆਂ ਗੋਲੀਆਂ ਨਾਲ 2 ਵਿਅਕਤੀ ਜ਼ਖਮੀ ਹੋ ਗਏ। ਬਾਜ਼ਾਰ ਵਿਚ ਇਸ ਹੱਦ ਤੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਿ ਉਥੇ ਰਹਿਣ ਵਾਲੇ ਆਪਣੇ ਘਰਾਂ 'ਚ ਦੁਬਕ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਮੰਗਲ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇੰਸਪੈਕਟਰ ਮੰਗਲ ਸਿੰਘ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਰਮਜੀਤ ਸਿੰਘ ਨਿਵਾਸੀ ਗੁਰਲਾਲ ਬਾਜ਼ਾਰ ਨੇ ਇੰਦਰਜੀਤ ਨਾਂ ਦੇ ਵਿਅਕਤੀ ਤੋਂ ਕਰੀਬ 8 ਲੱਖ ਰੁਪਏ ਦੀ ਰਕਮ ਲੈਣੀ ਸੀ। ਕਈ ਵਾਰ ਪੈਸਾ ਮੰਗਣ ਤੋਂ ਬਾਅਦ ਵੀ ਇੰਦਰਜੀਤ ਬਹਾਨੇਬਾਜ਼ੀ ਕਰ ਰਿਹਾ ਸੀ। ਬੀਤੀ ਰਾਤ 10:30 ਵਜੇ ਜਦੋਂ ਪਰਮਜੀਤ ਸਿੰਘ ਆਪਣੇ ਪੈਸੇ ਮੰਗਣ ਲਈ ਇੰਦਰਜੀਤ ਸਿੰਘ ਕੋਲ ਪਹੁੰਚਿਆ ਤਾਂ ਉਹ ਭੜਕ ਉਠਿਆ ਅਤੇ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ। ਇੰਦਰਜੀਤ ਨੇ ਝਗੜੇ ਦੌਰਾਨ ਗੋਲੀ ਚਲਾਈ, ਜੋ ਪਰਮਜੀਤ ਨੂੰ ਲੱਗੀ ਤੇ ਉਹ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।