ਪੈਸਿਆਂ ਦੀ ਮੰਗ ਪੂਰੀ ਨਾ ਕਰਨ ''ਤੇ ਪਤੀ ਨੇ ਬੱਚੇ ਸਣੇ ਪਤਨੀ ਦੀ ਕੀਤੀ ਕੁੱਟਮਾਰ, ਕੱਢਿਆ ਘਰੋਂ ਬਾਹਰ

05/16/2020 5:28:30 PM

ਮੋਗਾ (ਆਜ਼ਾਦ): ਮੋਗਾ ਜ਼ਿਲੇ ਦੇ ਪਿੰਡ ਦੀ ਇਕ ਮਹਿਲਾ ਨੂੰ ਉਸਦੇ ਪਤੀ ਵਲੋਂ ਲੱਖਾਂ ਰੁਪਏ ਨਕਦੀ ਦੀ ਮੰਗ ਪੂਰੀ ਨਾ ਕੀਤੇ ਜਾਣ ਤੇ ਬੱਚੇ ਸਮੇਤ ਮਾਰਕੁੱਟ ਕਰਕੇ ਘਰ ਤੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਥਿਤ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਮਨਜੀਤ ਕੌਰ ਨੇ ਕਿਹਾ ਕਿ ਉਸਦਾ ਵਿਆਹ 2013 ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਸੰਦੀਪ ਸਿੰਘ ਨਿਵਾਸੀ ਪਿੰਡ ਚੂਹੜਚੱਕ ਦੇ ਨਾਲ ਹੋਇਆ ਸੀ, ਜੋ ਦੁੱਧ ਡੇਅਰੀ ਅਤੇ ਹੋਟਲ ਦਾ ਕੰਮ ਕਰਦਾ ਹੈ। ਉਸਨੇ ਕਿਹਾ ਕਿ ਉਹ ਇਕ ਪੰਜ ਸਾਲਾ ਬੇਟੇ ਦੀ ਮਾਂ ਹੈ। ਵਿਆਹ ਦੇ ਬਾਅਦ ਉਸਦਾ ਪਤੀ ਅਤੇ ਹੋਰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਮਾਰਕੁੱਟ ਕੀਤੀ ਜਾਣ ਲੱਗੀ। ਮੈਂ ਕਈ ਵਾਰ ਆਪਣੇ ਪਤੀ ਨੂੰ ਸਮਝਾਉਣ ਦਾ ਵੀ ਯਤਨ ਕੀਤਾ, ਤਾਂਕਿ ਮੇਰਾ ਘਰ ਵੱਸਿਆ ਰਹਿ ਸਕੇ, ਪਰ ਉਹ ਹੋਟਲ ਦੇ ਲਈ ਦੋ ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ।

ਪੀੜਤਾ ਨੇ ਕਿਹਾ ਕਿ ਜਦ ਉਸਨੇ ਆਪਣੇ ਪੇਕੇ ਘਰ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਪੰਚਾਇਤ ਦੇ ਰਾਹੀਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ, ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਮੇਰਾ ਪਤੀ ਕਈ ਸਾਲਾਂ ਤੋਂ ਮੇਰੇ ਹੱਥ ਦੀ ਬਣੀ ਰੋਟੀ ਵੀ ਨਹੀਂ ਖਾਂਦਾ ਅਤੇ ਮੈਂ ਅਪਣੇ ਨੰਨ੍ਹੇ ਬੱਚੇ ਸਮੇਤ ਉਸ ਘਰ 'ਚ ਇਕੱਲੀ ਰਹਿਣ ਨੂੰ ਮਜ਼ਬੂਰ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਆਖਿਰ 2019 ਵਿਚ ਮੇਰੇ ਪਤੀ ਨੇ ਮੈਂਨੂੰ ਅਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ, ਜਿਸ ਤੇ ਮੈਂ ਕਿਸੇ ਤਰ੍ਹਾਂ ਆਪਣੇ ਪੇਕੇ ਘਰ ਇਸ ਦੀ ਸੂਚਨਾ ਦਿੱਤੀ ਅਤੇ ਉਹ ਮੈਨੂੰ ਆਕੇ ਲੈ ਗਏ, ਜਿਸ ਤੇ ਅਸੀਂ ਪੁਲਸ ਨੂੰ ਮੇਰੇ ਨਾਲ ਹੋਏ ਅਨਿਆ ਦੇ ਸਬੰਧ ਵਿਚ ਜਾਣਕਾਰੀ ਦਿੱਤੀ। ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ ਤੇ ਇਸ ਦੀ ਜਾਂਚ ਐੱਸ.ਪੀ.ਐੱਚ ਮੋਗਾ ਵਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਬੁਲਾਇਆ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਪੀੜਤਾ ਦੇ ਪਤੀ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਚੂਹੜਚੱਕ ਦੇ ਖਿਲਾਫ ਥਾਣਾ ਅਜੀਤਵਾਲ ਵਿਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੋਹਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।


Shyna

Content Editor

Related News