ਚੰਡੀਗੜ੍ਹ ਪੁਲਸ ਦੀ ਜੱਗੋਂ-ਤੇਹਰਵੀਂ, ਛੇੜਛਾੜ ਦੀ ਸ਼ਿਕਾਰ ਨਾਬਾਲਗ ਨੂੰ ਹੀ ਬਣਾਇਆ ਮੁਲਜ਼ਮ

11/06/2020 5:34:37 PM

ਚੰਡੀਗੜ੍ਹ (ਸੁਸ਼ੀਲ) : 'ਵੀ ਕੇਅਰ ਫਾਰ ਯੂ' ਦਾ ਸਲੋਗਨ ਦੇਣ ਵਾਲੀ ਚੰਡੀਗੜ੍ਹ ਪੁਲਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਸੁਰੱਖਿਆ 'ਚ ਪੁਲਸ ਕਿੰਨੀ ਜਾਗਰੂਕ ਹੈ। ਮਾਮਲਾ ਚੰਡੀਗੜ੍ਹ ਦੇ ਥਾਣਾ ਮਲੋਆ ਦੇ ਅਧੀਨ ਆਉਂਦੇ 38 ਵੈਸਟ ਦਾ ਹੈ। ਪਹਿਲਾਂ ਤਾਂ ਨਾਬਾਲਗ ਲੜਕੀ ਨਾਲ ਛੇੜਛਾੜ ਹੋਈ ਫਿਰ ਮਾਰਕੁੱਟ ਵੀ ਹੋਈ ਪਰ ਪੁਲਸ ਨੇ ਆਪਣੇ ਹਿਸਾਬ ਨਾਲ ਇਸ ਨੂੰ ਮਾਰਕੁੱਟ ਦਾ ਮਾਮਲਾ ਬਣਾ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਛੇੜਛਾੜ ਦੀ ਸ਼ਿਕਾਰ ਹੋਈ ਨਾਬਾਲਗਾ ਨੂੰ ਹੀ ਪੁਲਸ ਨੇ ਮੁਲਜ਼ਮ ਬਣਾਕੇ ਬੁੜੈਲ ਜੇਲ੍ਹ ਹੀ ਭੇਜ ਦਿੱਤਾ। ਹੁਣ ਪੀੜਤਾ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇ ਕੇ ਮੁਲਜ਼ਮ ਅਤੇ ਪੁਲਸ ਕਰਮਚਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪਟਾਕਿਆਂ 'ਤੇ ਪਾਬੰਦੀ ਹੈ ਜਾਂ ਨਹੀਂ, ਚੰਡੀਗੜ੍ਹ ਅੱਜ ਲਵੇਗਾ ਫੈਸਲਾ

ਮਾਤਾ-ਪਿਤਾ ਅਤੇ ਭਰਾ ਨੂੰ ਵੀ ਕੁੱਟਿਆ
12ਵੀਂ ਜਮਾਤ ਦੀ ਵਿਦਿਆਰਥਣ ਨਾਬਾਲਗ ਲੜਕੀ ਦਾ ਦੋਸ਼ ਹੈ ਕਿ ਉਸ ਦੇ ਗੁਆਂਢੀ ਨੇ ਪਹਿਲਾਂ ਉਸ ਨੂੰ ਜ਼ਬਰਨ ਰੋਕਿਆ ਫਿਰ ਛੇੜਛਾੜ ਕੀਤੀ ਅਤੇ ਨਾ ਮੰਨਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਲੜਕੀ ਨੇ ਪਰਿਵਾਰ ਨੂੰ ਬੁਲਾਇਆ ਤਾਂ ਨੌਜਵਾਨ ਅਤੇ ਉਸ ਦੇ ਪਰਿਵਾਰ ਨੇ ਲੜਕੀ, ਉਸ ਦੇ ਮਾਤਾ- ਪਿਤਾ ਅਤੇ ਭਰਾ ਨੂੰ ਕੁੱਟ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਬਚਾਅ ਕੀਤਾ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁਲਸ ਵੀ ਪਹੁੰਚੀ ਅਤੇ ਮੈਡੀਕਲ ਵੀ ਕਰਵਾਇਆ, ਥਾਣਾ ਪੁਲਸ ਨੇ ਛੇੜਛਾੜ ਦੇ ਮਾਮਲੇ ਨੂੰ ਦੋਨਾਂ ਪੱਖਾਂ ਦੀ ਮਾਰਕੁੱਟ ਦਾ ਮਾਮਲਾ ਬਣਾ ਦਿੱਤਾ। ਇਸ ਤੋਂ ਬਾਅਦ ਲੜਕੀ ਉਸ ਦੇ ਪਿਤਾ ਅਤੇ ਮਾਂ 'ਤੇ 107/151 ਦਾ ਮਾਮਲਾ ਦਰਜ ਕਰ ਦਿੱਤਾ ਗਿਆ, ਉੱਥੇ ਹੀ ਨੌਜਵਾਨ ਅਤੇ ਉਸ ਦੇ ਪਿਤਾ ਖ਼ਿਲਾਫ਼ ਵੀ 107/151 ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਐੱਸ. ਡੀ. ਐੱਮ. ਸਾਹਮਣੇ ਪੇਸ਼ ਕਰ ਕੇ ਨਾਬਾਲਗਾ ਨੂੰ ਬੁੜੈਲ ਜੇਲ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : 1500 ਸਮਾਰਟ ਸਕੂਲਾਂ ਦਾ ਕੱਲ ਵਰਚੁਅਲ ਉਦਘਾਟਨ ਕਰਨਗੇ ਮੁੱਖ ਮੰਤਰੀ, ਪਿੰਡ ਵਾਸੀ ਬਣਨਗੇ ਗਵਾਹ

ਸਰਟੀਫਿਕੇਟ 'ਚ ਉਮਰ 17 ਸਾਲ, 7 ਮਹੀਨੇ, 24 ਦਿਨ
ਜਦੋਂ ਮਲੋਆ ਥਾਣਾ ਪੁਲਸ ਨੇ ਨਾਬਾਲਗ ਲੜਕੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਮਾਰਕੁੱਟ ਦਾ ਮਾਮਲਾ ਦਰਜ ਕੀਤਾ ਤਾਂ ਉਸ ਐੱਫ. ਆਈ. ਆਰ. 'ਚ ਲੜਕੀ ਦੀ ਜਨਮ ਤਾਰੀਖ (1 ਨਵੰਬਰ 2002) ਲਿਖ ਕੇ ਉਸ ਨੂੰ 18 ਸਾਲ ਦੀ ਦੱਸਿਆ ਗਿਆ, ਜਦੋਂਕਿ ਲੜਕੀ ਦੀ ਉਮਰ ਜਨਮ ਤਾਰੀਖ ਅਤੇ ਸਕੂਲ ਸਰਟੀਫਿਕੇਟ ਵਿਚ 12 ਅਪ੍ਰੈਲ 2003 ਹੈ। ਇਸ ਹਿਸਾਬ ਨਾਲ ਨਾਬਾਲਗ ਲੜਕੀ ਦੀ ਉਮਰ 17 ਸਾਲ 7 ਮਹੀਨੇ 24 ਦਿਨ ਹੋਈ। ਮਤਲਬ 18 ਸਾਲ ਵਿਚ ਹੋਣ ਲਈ ਹਾਲੇ ਨਾਬਾਲਗ ਲੜਕੀ ਨੂੰ 4 ਮਹੀਨੇ 8 ਦਿਨ ਪਏ ਹਨ। ਨਾਬਾਲਗ਼ ਲੜਕੀ ਨੂੰ 31 ਅਕਤੂਬਰ ਸ਼ਾਮ 5 ਵਜੇ ਬੁੜੈਲ ਜੇਲ੍ਹ ਭੇਜ ਦਿੱਤਾ। ਨਾਬਾਲਿਗ ਲੜਕੀ ਦੀ ਜਮਾਨਤ 2 ਨਵੰਬਰ ਨੂੰ ਦੁਪਹਿਰ 3 ਵਜੇ ਹੋਈ।

ਐੱਸ. ਐੱਸ. ਪੀ. ਨੇ ਦਿੱਤਾ ਕਾਰਵਾਈ ਦਾ ਭਰੋਸਾ
ਬੁੜੈਲ ਜੇਲ ਤੋਂ ਜ਼ਮਾਨਤ 'ਤੇ ਆਉਣ ਤੋਂ ਬਾਅਦ ਪੀੜਤਾ ਨੇ ਸ਼ਿਕਾਇਤ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੂੰ ਦਿੱਤੀ। ਪੀੜਤਾ ਨੇ ਦੋਸ਼ ਲਾਇਆ ਕਿ ਪੁਲਸ ਨੇ ਛੇੜਛਾੜ ਦਾ ਮਾਮਲਾ ਦਰਜ ਕਰਨ ਦੀ ਥਾਂ ਮਾਮੂਲੀ ਧਾਰਾ ਵਿਚ ਨੌਜਵਾਨ 'ਤੇ ਮਾਮਲਾ ਦਰਜ ਕੀਤਾ। 31 ਅਕਤੂਬਰ ਨੂੰ ਉਹ ਘਰ ਆ ਰਹੀ ਸੀ। ਗੁਆਂਢੀ ਨੌਜਵਾਨ ਰਾਹ ਰੋਕ ਕੇ ਛੇੜਛਾੜ ਕਰਨ ਲੱਗਾ ਅਤੇ ਇਸ ਤੋਂ ਬਾਅਦ ਹੀ ਸਾਰੀ ਘਟਨਾ ਹੋਈ, ਉੱਥੇ ਹੀ ਐੱਸ. ਐੱਸ. ਪੀ. ਨੇ ਪੀੜਤਾ ਨੂੰ ਮਾਮਲੇ ਵਿਚ ਲਾਪ੍ਰਵਾਹੀ ਕਰਨ ਵਾਲੇ ਪੁਲਸ ਕਰਮਚਾਰੀਆਂ 'ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ : ਡਿਟੈਕਟਿਵ ਏਜੰਸੀ ਦੀ ਵੱਡੀ ਕਾਰਵਾਈ, ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਹਸਪਤਾਲ ਦਾ ਕੀਤਾ ਪਰਦਾਫਾਸ਼


Anuradha

Content Editor

Related News