ਮਹਿੰਦਰਪਾਲ ਬਿੱਟੂ ਹੱਤਿਆਕਾਂਡ : ਨਿਸ਼ਾਨਦੇਹੀ ਲਈ ਮਨਿੰਦਰ ਤੇ ਗੁਰਸੇਵਕ ਨੂੰ ਨਾਭਾ ਜੇਲ ਲਿਆਂਦਾ

06/27/2019 9:59:56 AM

ਨਾਭਾ (ਜੈਨ)—ਬੇਅਦਬੀ ਮਾਮਲੇ ਵਿਚ ਮੁੱਖ ਦੋਸ਼ੀ ਅਤੇ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੁ ਦੀ ਹੱਤਿਆ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਕੈਦੀ ਗੁਰਸੇਵਕ ਸਿੰਘ ਅਤੇ ਹਵਾਲਾਤੀ ਮਨਿੰਦਰ ਸਿੰਘ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਵਿਚ ਸੀ. ਆਈ. ਏ. ਪਟਿਆਲਾ ਤੋਂ ਇਥੇ ਨਵੀਂ ਜ਼ਿਲਾ ਜੇਲ ਵਿਚ ਵਾਰਦਾਤ ਵਾਲੀ ਥਾਂ 'ਤੇ ਨਿਸ਼ਾਨਦੇਹੀ ਲਈ ਲਿਆਂਦਾ ਗਿਆ। ਪੁਲਸ ਅਧਿਕਾਰੀ ਡੂੰਘਾਈ ਨਾਲ ਪੜਤਾਲ ਕਰ ਕੇ ਘਟਨਾ ਵਾਲੀ ਥਾਂ ਅਤੇ ਹਰੇਕ ਸਬੂਤ ਦੀ ਕੜੀ ਨੂੰ ਜੋੜਨ ਲਈ ਕਾਰਵਾਈ ਕਰ ਰਹੇ ਹਨ। ਇਥੇ ਦੋਵਾਂ ਨੂੰ ਲਿਆਉਣ ਸਮੇਂ ਸੜਕਾਂ 'ਤੇ ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ ਸੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਸੂਤਰਾਂ ਅਨੁਸਾਰ ਪੁਲਸ ਅਧਿਕਾਰੀ ਮਨਿੰਦਰ ਅਤੇ ਗੁਰਸੇਵਕ ਤੋਂ ਇਲਾਵਾ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਲਖਵੀਰ ਲੱਖਾ ਤੋਂ ਸੀ. ਆਈ. ਏ. ਪਟਿਆਲਾ ਵਿਚ ਹੀ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਕਤਲ ਦੀ ਸਾਜ਼ਸ਼ ਦਾ ਪਰਦਾਫਾਸ਼ ਹੋ ਸਕੇ।

ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਨਵੀਂ ਜ਼ਿਲਾ ਜੇਲ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਦੀ ਜਾਂਚ-ਪੜਤਾਲ ਲਈ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਅੱਜ ਇੱਥੇ ਦੂਜੇ ਦਿਨ ਵੀ ਨਹੀਂ ਪਹੁੰਚੀ। ਏ.ਡੀ.ਜੀ.ਪੀ. (ਕਾਨੂੰਨ ਵਿਵਸਥਾ) ਪੰਜਾਬ ਈਸ਼ਵਰ ਸਿੰਘ ਦੀ ਅਗਵਾਈ ਹੇਠਲੀ ਟੀਮ 'ਚ ਡੀ.ਆਈ.ਜੀ. ਹਰਦਿਆਲ ਸਿੰਘ ਮਾਨ, ਆਈ.ਜੀ. ਅਮਰਦੀਪ ਸਿੰਘ ਰਾਏ, ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਅਤੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਕਸ਼ਮੀਰ ਸਿੰਘ ਸ਼ਾਮਲ ਹਨ। ਇਸ ਸਾਰੇ ਆਈ.ਪੀ.ਐੱਸ. ਅਫਸਰ ਈਮਾਨਦਾਰੀ ਵਜੋਂ ਪੰਜਾਬ ਪੁਲਸ 'ਚ ਪ੍ਰਸਿੱਧ ਹਨ, ਜਿਸ ਕਰਕੇ ਮੁੱਖ ਮੰਤਰੀ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ 'ਚ ਇਨ੍ਹਾਂ ਨੂੰ ਸ਼ਾਮਲ ਕੀਤਾ ਹੈ। ਅੱਜ ਸਾਰਾ ਦਿਨ ਮੀਡੀਆ ਨਵੀਂ ਜੇਲ ਲਾਗੇ ਘੁੰਮਦਾ ਰਿਹਾ। ਕੋਈ ਵੀ ਜੇਲ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਜੇਕਰ ਕਤਲ-ਕਾਂਡ ਦੇ 12 ਘੰਟਿਆਂ ਦੇ ਅੰਦਰ-ਅੰਦਰ ਇਸ ਜੇਲ 'ਚ ਭਾਰੀ ਪੁਲਸ ਫੋਰਸ ਵਲੋਂ ਸਰਚ ਆਪਰੇਸ਼ਨ ਚਲਾਇਆ ਜਾਂਦਾ ਤਾਂ ਹੋ ਸਕਦਾ ਹੈ ਕਿ ਨਵੇਂ ਇੰਕਸ਼ਾਫ ਹੁੰਦੇ ਪਰ ਕਤਲ-ਕਾਂਡ ਤੋਂ ਲੈ ਕੇ ਸਵੇਰੇ 4 ਵਜੇ ਤੱਕ ਸਾਰੀ ਪੁਲਸ ਫੋਰਸ ਸਿਰਫ ਆਪਣੇ ਸੀਨੀਅਰ ਅਫਸਰਾਂ ਦੀ ਸੁਰੱਖਿਆ ਲਈ ਤਾਇਨਾਤ ਰਹੀ। ਸਿਵਲ ਹਸਪਤਾਲ ਕੰਪਲੈਕਸ ਪੁਲਸ ਛਾਉਣੀ ਬਣਿਆ ਰਿਹਾ। ਡਿਪਟੀ ਕਮਿਸ਼ਨਰ ਅਤੇ ਏ.ਡੀ.ਜੀ.ਪੀ. ਰੋਹਿਤ ਚੌਧਰੀ ਸਮੇਤ ਸਾਰੇ ਅਧਿਕਾਰੀਆਂ ਦੀ ਇਹੀ ਕੋਸ਼ਿਸ਼ ਰਹੀ ਕਿ ਬਿੱਟੂ ਦੀ ਲਾਸ਼  ਇਥੋਂ ਰਾਤੋ-ਰਾਤ ਕੋਟਕਪੁਰਾ ਭੇਜੀ ਜਾਵੇ। ਅਫਸਰਸ਼ਾਹੀ ਇਸ ਕੋਸ਼ਿਸ਼ 'ਚ ਸਫਲ ਹੀ ਰਹੀ ਪਰ ਹੁਣ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਜਾਂਚ 'ਚ ਹੋ ਰਹੀ ਦੇਰੀ ਨਾਲ ਕਈ ਸ਼ੰਕੇ ਪੈਦੇ ਹੋ ਰਹੇ ਹਨ, ਕਿਉਂਕਿ ਜੇਲ 'ਚ ਸਬੂਤ ਨਸ਼ਟ ਵੀ ਕੀਤੇ ਜਾ ਸਕਦੇ ਹਨ।


Shyna

Content Editor

Related News