ਪੰਜਾਬ ਡੀ. ਜੀ. ਪੀ. ਦੀ ਨਿਯੁਕਤੀ ਤੋਂ ਖਫਾ 'ਮੁਸਤਫਾ' ਕੋਲੋਂ ਖੁੱਸਿਆ ਇਹ ਅਹੁਦਾ

Saturday, Feb 09, 2019 - 01:52 PM (IST)

ਪੰਜਾਬ ਡੀ. ਜੀ. ਪੀ. ਦੀ ਨਿਯੁਕਤੀ ਤੋਂ ਖਫਾ 'ਮੁਸਤਫਾ' ਕੋਲੋਂ ਖੁੱਸਿਆ ਇਹ ਅਹੁਦਾ

ਚੰਡੀਗੜ੍ਹ (ਗੁਰਪ੍ਰੀਤ) : ਪੰਜਾਬ 'ਚ ਡੀ. ਜੀ. ਪੀ. ਦੇ ਅਹੁਦੇ 'ਤੇ ਆਪਣੇ ਜੂਨੀਅਰ ਅਧਿਕਾਰੀ ਦਿਨਕਰ ਗੁਪਤਾ ਦੀ ਨਿਯੁਕਤੀ ਤੋਂ ਨਾਰਾਜ਼ ਚੱਲ ਰਹੇ ਮੁਹੰਮਦ ਮੁਸਤਫਾ ਕੋਲ ਹੁਣ ਐੱਸ. ਟੀ. ਐੱਫ. ਦੇ ਮੁਖੀ ਦਾ ਅਹੁਦਾ ਵੀ ਨਹੀਂ ਰਿਹਾ ਹੈ। ਅਸਲ 'ਚ ਡਾਇਰੈਕਟਰ ਜਨਰਲ ਪੱਧਰ ਦੇ 5 ਅਧਿਕਾਰੀਆਂ ਸਮੇਤ ਕੁੱਲ 10 ਉੱਚ ਅਫਸਰਾਂ ਦੀ ਬਦਲ ਕਰ ਦਿੱਤੀ ਗਈ ਹੈ, ਜਿਨ੍ਹਾਂ 'ਚ ਮੁਹੰਮਦ ਮੁਸਤਫਾ ਵੀ ਸ਼ਾਮਲ ਹਨ। ਕੈਪਟਨ ਸਰਕਾਰ ਵਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸੂਬੇ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਮੁਹੰਮਦ ਮੁਸਤਫਾ ਨੂੰ ਨਸ਼ਿਆਂ ਦੇ ਟਾਕਰੇ ਲਈ ਕਾਇਮ ਐੱਸ. ਟੀ. ਐੱਫ. (ਵਿਸ਼ੇਸ਼ ਟਾਸਕ ਫੋਰਸ) ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਮੁਸਤਫਾ ਨੂੰ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਭੇਜਿਆ ਗਿਆ ਹੈ। ਦੱਸ ਦੇਈਏ ਕਿ ਮੁਹੰਮਦ ਮੁਸਤਫਾ ਯੂ. ਪੀ. ਐੱਸ. ਸੀ. ਵਲੋਂ ਚੁਣੇ ਗਏ ਡੀ. ਜੀ. ਪੀ. ਦੇ ਪੈਨਲ 'ਚ ਆਪਣਾ ਨਾਮ ਨਾ ਆਉਣ ਤੋਂ ਖਫਾ ਸਨ ਅਤੇ ਸੁਪਰੀਮ ਕੋਰਟ ਜਾਣ ਦੀ ਧਮਕੀ ਵੀ ਦੇ ਚੁੱਕੇ ਸਨ। ਮੁਸਤਫਾ ਨੇ ਸਰਕਾਰ ਨੂੰ ਲਿਖਤੀ ਰੂਪ 'ਚ ਕਹਿ ਦਿੱਤਾ ਸੀ ਕਿ ਉਹ ਆਪਣੇ ਤੋਂ ਜੂਨੀਅਰ ਡੀ. ਜੀ. ਪੀ. ਅਧੀਨ ਕੰਮ ਨਹੀਂ ਕਰਨਗੇ, ਇਸ ਲਈ ਉਨ੍ਹਾਂ ਨੂੰ ਐੱਸ. ਟੀ. ਐੱਫ. ਮੁਖੀ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ।


author

Babita

Content Editor

Related News