ਦਿੱਲੀ ਮਾਡਲ : 117 ਵਿਧਾਨ ਸਭਾ ਹਲਕਿਆਂ ’ਚ ਖੋਲ੍ਹੇ ਜਾਣਗੇ ਮੁਹੱਲਾ ਕਲੀਨਿਕ

04/30/2022 11:26:35 AM

ਸ਼ੇਰਪੁਰ (ਅਨੀਸ਼) : ਦਿੱਲੀ ਮਾਡਲ ਦੀ ਤਰਜ਼ ’ਤੇ ਪੰਜਾਬ ’ਚ ਸਿਹਤ ਸਹੂਲਤਾਂ ਦੇਣ ਲਈ ਸਮੂਹ ਵਿਧਾਨ ਸਭਾ ਹਲਕਿਆਂ ’ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਸਬੰਧੀ ਡਾਇਰੈਕਟਰ ਸਿਹਤ ਵਿਭਾਗ ਨੇ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਮੁਹੱਲਾ ਕਲੀਨਿਕਾਂ ਦੇ ਸਥਾਨ ਸਬੰਧੀ ਸਬੰਧਿਤ ਵਿਧਾਇਕ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਖੋਲ੍ਹੇ ਜਾਣ ਵਾਲੇ ਮੁਹੱਲਾ ਕਲੀਨਿਕ ਦੀ ਲੋਕੇਸ਼ਨ, ਇਮਾਰਤ ਤੇ ਕਿਰਾਏ ਆਦਿ ਸਬੰਧੀ ਵੇਰਵੇ 1 ਮਈ ਤੱਕ ਮੁੱਖ ਦਫ਼ਤਰ ਪੁੱਜਦੇ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਲੋਕਾਂ ਨੂੰ ਸਰਕਾਰ ਦਾ ਉਕਤ ਫ਼ੈਸਲਾ ਭਾਵੇਂ ਚੰਗਾ ਲੱਗ ਰਿਹਾ ਹੈ ਪਰ ਚਿੰਤਕ ਲੋਕਾਂ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਖੋਲ੍ਹਣਾ ਚੰਗੀ ਗੱਲ ਹੈ ਪਰ ਪੰਜਾਬ ’ਚ ਸਿਹਤ ਸੇਵਾਵਾ ਦਾ ਬੁਰਾ ਹਾਲ ਹੈ, ਹਸਪਤਾਲਾ ਵਿਚ ਨਾ ਤਾਂ ਪੂਰੇ ਡਾਕਟਰ ਹਨ ਅਤੇ ਨਾ ਹੀ ਦਵਾਈਆਂ ਮਿਲਦੀਆਂ ਹਨ। ਬਹੁਤੀਆਂ ਡਿਸਪੈਂਸਰੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਅਤੇ ਹਸਪਤਾਲਾਂ ’ਚ ਲੋਂੜੀਦਾ ਸਟਾਫ਼ ਵੀ ਨਹੀਂ ਹੈ।

ਇਹ ਵੀ ਪਤਾ ਲੱਗਾ ਹੈ ਕਿ 1150 ਅਜਿਹੀਆਂ ਪੇਂਡੂ ਡਿਸਪੈਂਸਰੀਆਂ ਹਨ, ਜਿਨ੍ਹਾਂ ਨੂੰ ਦਰਜਾ 4 ਮੁਲਾਜ਼ਮ ਹੀ ਚਲਾ ਰਹੇ ਹਨ। ਸਿਹਤ ਵਿਭਾਗ 1187 ਡਿਸਪੈਂਸਰੀਆਂ ਪਹਿਲਾਂ ਹੀ ਜ਼ਿਲ੍ਹਾ ਪਰਿਸ਼ਦਾਂ ਦੇ ਹਵਾਲੇ ਕਰ ਚੁੱਕਾ ਹੈ। ਉਕਤ ਤੋਂ ਇਲਾਵਾ ਪੰਜਾਬੀਆਂ ਦੇ ਇਲਾਜ ਲਈ ਸੂਬੇ ’ਚ 507 ਆਯੂਰਵੈਦਿਕ ਅਤੇ 107 ਹੋਮਿਓਪੈਥੀ ਡਿਸਪੈਂਸਰੀਆਂ ਕੰਮ ਕਰ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਖੋਲ੍ਹਣ ਦੇ ਨਾਲ-ਨਾਲ ਉਕਤ ਹਸਪਤਾਲਾਂ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਲੋੜੀਂਦਾ ਸਟਾਫ਼ ਭਰਤੀ ਕਰਨ ਦੇ ਨਾਲ-ਨਾਲ ਹਸਪਤਾਲਾਂ ’ਚ ਵੱਖ-ਵੱਖ ਰੋਗਾਂ ਦੀਆਂ ਦਵਾਈਆਂ ਭੇਜੀਆਂ ਜਾਣ।


Babita

Content Editor

Related News