ਪੰਜਾਬ 'ਚ ਟੂਰਿਸਟਾਂ ਦੀ ਪਸੰਦ 'ਚ ਸਭ ਤੋਂ ਮੋਹਰੀ ਅੰਮ੍ਰਿਤਸਰ
Saturday, Dec 07, 2019 - 10:19 AM (IST)
ਮੋਹਾਲੀ(ਅਸ਼ਵਨੀ) : ਪੰਜਾਬ 'ਚ ਪਿਛਲੇ ਦਹਾਕੇ ਦੌਰਾਨ ਘਰੇਲੂ ਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ 'ਚ ਮਿਸਾਲੀ ਵਾਧਾ ਦਰਜ ਕੀਤਾ ਗਿਆ। ਸੂਬੇ 'ਚ ਸਾਲ 2009-2018 ਦੌਰਾਨ ਵਿਦੇਸ਼ੀ ਸੈਲਾਨੀਆਂ ਦੀ 30 ਫੀਸਦੀ ਅਤੇ ਘਰੇਲੂ ਸੈਲਾਨੀਆਂ ਦੀ 27 ਫੀਸਦੀ ਆਮਦ ਦੀ ਵਿਆਪਕ ਸੀ.ਏ.ਜੀ.ਆਰ (ਮਿਸ਼ਰਤ ਸਾਲਾਨਾ ਵਿਕਾਸ ਦਰ) ਦੇਖੀ ਗਈ। ਵਰਲਡ ਬੁਕ ਆਫ ਰਿਕਾਰਡਜ਼ (ਡਬਲਿਊ.ਬੀ.ਆਰ.) ਵਲੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਸੈਲਾਨੀਆਂ ਦੀ ਸਭ ਤੋਂ ਵੱਧ ਆਮਦ ਵਾਲੀ ਧਾਰਮਿਕ ਥਾਂ ਨਾਲ ਸਨਮਾਨਿਆ ਗਿਆ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੌਰਾਨ 'ਪੰਜਾਬ ਵਿਚ ਸੈਰ ਸਪਾਟਾ : ਅਨਲਾਕਿੰਗ ਟੂਰਿਜ਼ਮ ਪੁਟੈਂਸ਼ਲ ਆਫ ਪੰਜਾਬ' ਦੇ ਵਿਸ਼ੇ 'ਤੇ ਕਰਵਾਏ ਗਏ ਸੈਸ਼ਨ ਦੌਰਾਨ ਕੁਝ ਅਜਿਹੇ ਤੱਥ ਸਾਹਮਣੇ ਆਏ।
ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਪੰਜਾਬ 'ਚ 2018 ਵਿਚ 1.2 ਮਿਲੀਅਨ ਵਿਦੇਸ਼ੀ ਸੈਲਾਨੀਆਂ ਅਤੇ 44.5 ਮਿਲੀਅਨ ਘਰੇਲੂ ਸੈਲਾਨੀਆਂ ਦੀ ਆਮਦ ਹੋਈ। ਅਜਿਹਾ ਇਸ ਲਈ ਹੋਇਆ ਕਿਉਂਕਿ ਪੰਜਾਬ ਆਪਣੇ ਅਮੀਰ ਧਾਰਮਿਕ ਸਥਾਨਾਂ, ਸੱਭਿਆਚਾਰਕ ਵਿਰਾਸਤ, ਰਵਾਇਤੀ ਮੇਲਿਆਂ ਅਤੇ ਤਿਉਹਾਰਾਂ, ਅਜਾਇਬ ਘਰਾਂ, ਯਾਦਗਾਰਾਂ, ਪਕਵਾਨਾਂ, ਕਲਾ ਅਤੇ ਸ਼ਿਲਪਕਾਰੀ, ਫਾਰਮਾਂ ਅਤੇ ਈਕੋ-ਟੂਰਿਜ਼ਮ ਲਈ ਜਾਣਿਆ ਜਾਂਦਾ ਹੈ।
ਸੈਸ਼ਨ ਦੌਰਾਨ, ਸੈਰ-ਸਪਾਟਾ ਖੇਤਰ ਦੇ ਵੱਖ-ਵੱਖ ਹਿੱਸਿਆਂ ਦੇ ਪੈਨਲਿਸਟਾਂ ਅਤੇ ਡੈਲੀਗੇਟਾਂ ਨੇ ਕਿਹਾ ਕਿ ਰਾਜ 'ਚ ਅਜੇ ਵੀ ਦੱਖਣੀ ਏਸ਼ੀਆ ਦਾ ਸੈਰ-ਸਪਾਟਾ ਕੇਂਦਰ ਬਣਨ ਲਈ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ। ਪੈਨਲਿਸਟਾਂ 'ਚ ਨਕੁਲ ਅਨੰਦ, ਕਾਰਜਕਾਰੀ ਡਾਇਰੈਕਟਰ, ਆਈ.ਟੀ. ਸੀ. ਲਿਮਟਿਡ, ਜ਼ੂਬਿਨ ਸਕਸੈਨਾ, ਐੱਮ. ਡੀ. ਅਤੇ ਵੀ.ਪੀ., ਓਪਰੇਸ਼ਨਜ਼, ਸਾਊਥ ਏਸ਼ੀਆ, ਰੈਡੀਸਨ ਹੋਟਲ ਗਰੁੱਪ, ਕਵਿੰਦਰ ਸਿੰਘ, ਐੱਮ.ਡੀ ਅਤੇ ਸੀ.ਈ.ਓ, ਮਹਿੰਦਰਾ ਹਾਲੀਡੇਜ਼ ਐਂਡ ਰਿਜ਼ੋਰਟਸ ਇੰਡੀਆ ਲਿਮਟਿਡ, ਸੇਸ਼ ਸ਼ਿਸ਼ਾਦਰੀ, ਡਾਇਰੈਕਟਰ, ਲੋਨਲੀ ਪਲੈਨਿਟ ਇੰਡੀਆ, ਅਸ਼ੀਸ਼ ਗੁਪਤਾ, ਸੀ.ਈ.ਓ, ਐੱਫ.ਏ.ਆਈ.ਟੀ.ਐੱਚ, ਸ਼ੈੱਫ ਮਨਜੀਤ ਸਿੰਘ ਗਿੱਲ, ਇੰਡੀਅਨ ਫੈੱਡਰੇਸ਼ਨ ਆਫ ਕੂਲੀਨਰੀ ਐਸੋਸੀਏਸ਼ਨਜ਼ (ਆਈ.ਐੱਫ.ਸੀ.ਏ.) ਦੇ ਪ੍ਰਧਾਨ ਅਤੇ ਦਿਨੇਸ਼ ਚੱਢਾ, ਵੀ.ਪੀ.-ਰੀਅਲ ਅਸਟੇਟ ਐਂਡ ਡਿਵੈੱਲਪਮੈਂਟ, ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ ਸ਼ਾਮਲ ਸਨ। ਸੁਨੀਤ ਕੋਛੜ, ਡਾਇਰੈਕਟਰ, ਖੰਨਾ ਪੇਪਰਜ਼ (ਪ੍ਰਾਹੁਣਚਾਰੀ ਵਿਭਾਗ), ਨੇ ਪੰਜਾਬ 'ਚ ਪ੍ਰਾਹੁਣਚਾਰੀ ਖੇਤਰ ਵਿਚ ਇਕ ਯੂਨਿਟ ਸਥਾਪਤ ਕਰਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।