ਮੋਹਾਲੀ ਪੁਲਸ ਵਲੋਂ ਜੱਗੂ ਭਗਵਾਨਪੁਰੀਆ ਦਾ ਗੁਰਗਾ ਗ੍ਰਿਫ਼ਤਾਰ, ਪਾਕਿ ਤੋਂ ਆਇਆ ਅਸਲ ਵੀ ਕੀਤਾ ਬਰਾਮਦ

Friday, Feb 23, 2024 - 04:43 PM (IST)

ਮੋਹਾਲੀ ਪੁਲਸ ਵਲੋਂ ਜੱਗੂ ਭਗਵਾਨਪੁਰੀਆ ਦਾ ਗੁਰਗਾ ਗ੍ਰਿਫ਼ਤਾਰ, ਪਾਕਿ ਤੋਂ ਆਇਆ ਅਸਲ ਵੀ ਕੀਤਾ ਬਰਾਮਦ

ਮੋਹਾਲੀ : ਜ਼ਿਲ੍ਹਾ ਪੁਲਸ ਵਲੋਂ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 4 ਵਿਦੇਸ਼ੀ ਪਿਸਤੌਲਾਂ, 42 ਜ਼ਿੰਦਾ ਰੌਂਦਾਂ ਅਤੇ ਇੱਕ ਫਾਰਚਿਊਨਰ ਕਾਰ ਸਮੇਤ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਖਰੜ 'ਚ ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ਼ ਰੋਬਿਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਾਸਾਵਾਲਾ, ਜ਼ਿਲ੍ਹਾ ਤਰਨਤਾਰਨ ਲੋੜੀਂਦਾ ਸੀ ਅਤੇ ਭਗੌੜਾ ਚੱਲ ਰਿਹਾ ਸੀ। ਉਸ ਨੂੰ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀਂ ਟਰੇਸ ਕਰਕੇ ਰਾਜਸਥਾਨ ਤੋਂ ਕਾਬੂ ਕੀਤਾ ਗਿਆ।

ਉਸ ਪਾਸੋਂ ਤਫ਼ਤੀਸ਼ ਦੌਰਾਨ ਹੁਣ ਤੱਕ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀਂ ਆਏ 4 ਵਿਦੇਸ਼ੀ ਪਿਸਤੌਲ, 02 ਮੈਗਜ਼ੀਨ, ਇੱਕ ਏਅਰਟੈਲ ਡੋਂਗਲ ਸਮੇਤ ਸਿੰਮ ਅਤੇ ਇੱਕ ਫਾਰਚਿਊਨਰ ਕਾਰ ਬਰਾਮਦ ਕੀਤੀ ਗਈ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਗੁਰਇਕਬਾਲਮੀਤ ਸਿੰਘ ਜਦੋਂ ਜੇਲ੍ਹ 'ਚ ਬੰਦ ਸੀ, ਉਸ ਸਮੇਂ ਉਹ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸੰਪਰਕ 'ਚ ਆ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਸਾਲ 2023 'ਚ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆ ਗਿਆ ਸੀ ਅਤੇ ਭਗੌੜਾ ਹੋ ਗਿਆ ਸੀ।

ਦੋਸ਼ੀ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਜੱਗੂ ਭਗਵਾਨਪੂਰੀਆ ਦੀ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਅਤੇ ਸੈਕਟਰ-115 ਖਰੜ 'ਚ ਆਪਣੇ ਸਾਥੀ ਜਗਮੀਤ ਸਿੰਘ ਅਤੇ ਗੁਰਸੇਵਕ ਸਿੰਘ ਨਾਲ ਕਿਰਾਏ 'ਤੇ ਰਹਿ ਰਿਹਾ ਸੀ। ਇੱਥੇ ਬੈਠ ਕੇ ਉਹ ਮਾਝੇ ਦੇ ਇਲਾਕੇ 'ਚ ਜੱਗੂ ਭਗਵਾਨਪੂਰੀਆ ਦਾ ਐਕਸਟੋਰਸ਼ਨ ਰੈਕਟ ਚਲਾ ਰਿਹਾ ਸੀ। ਦੋਸ਼ੀ ਗੁਰਇਕਬਾਲਮੀਤ ਸਿੰਘ ਦੇ ਇੱਕ ਸਾਥੀ ਜਗਮੀਤ ਸਿੰਘ ਉਰਫ਼ ਜੱਗੀ ਉਕਤ ਨੂੰ ਬਟਾਲਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਦਾ ਤੀਜਾ ਸਾਥੀ ਗੁਰਸੇਵਕ ਸਿੰਘ ਉਰਫ਼ ਬੰਬ ਅਜੇ ਭਗੌੜਾ ਹੈ, ਜਿਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।


author

Babita

Content Editor

Related News