...ਤੇ ''ਮੋਹਾਲੀ-ਖਰੜ ਫਲਾਈਓਵਰ'' ਹਵਾ ''ਚ ਲਟਕਣ ਦਾ ਡਰ!
Saturday, Jan 19, 2019 - 10:06 AM (IST)

ਮੋਹਾਲੀ : ਮੋਹਾਲੀ ਤੋਂ ਖਰੜ ਤੱਕ ਉਸਾਰੀ ਅਧੀਨ ਫਲਾਈਓਵਰ ਦੇ ਹਵਾ 'ਚ ਲਟਕਣ ਦੇ ਆਸਾਰ ਦਿਖਾਈ ਦੇ ਰਹੇ ਹਨ ਕਿਉਂਕਿ ਇਸ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ 'ਐੱਲ. ਐੱਨ. ਟੀ' ਵਲੋਂ ਕੰਮ ਬੰਦ ਕਰਨ ਦੀ ਧਮਕੀ ਦਿੱਤੀ ਗਈ ਹੈ। ਕੰਪਨੀ ਵਲੋਂ ਨੈਸ਼ਨਲ ਹਾਈਵੇਅ ਨੂੰ ਇਹ ਕਹਿ ਦਿੱਤਾ ਗਿਆਹੈ ਕਿ ਜੇਕਰ ਕੰਪਨੀ ਨੂੰ 28 ਫਰਵਰੀ ਤੱਕ ਲੋੜੀਂਦੀ ਜ਼ਮੀਨ ਸਪੁਰਦ ਨਾ ਕੀਤੀ ਗਈ ਤਾਂ ਕੰਪਨੀ ਇਕ ਮਾਰਚ ਤੋਂ ਕੰਮ ਬੰਦ ਕਰ ਦੇਵੇਗੀ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮੌਜੂਦਾ ਹਾਲਾਤ 'ਚ ਹਰ ਰੋਜ਼ 7-8 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਲੋੜੀਂਦੀ ਜ਼ਮੀਨ ਨਾ ਮਿਲਣ ਕਾਰਨ ਫਲਾਈਓਵਰ ਦਾ ਕੰਮ ਤੇਜ਼ੀ ਨਾਲ ਨਹੀਂ ਹੋ ਸਕਦਾ। ਇਹ ਜਾਣਕਾਰੀ ਖਰੜ ਤੋਂ ਵਿਧਾਇਕ ਕੰਵਰ ਸੰਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਸਾਂਝੀ ਕੀਤੀ ਗਈ। ਇਸ ਮੀਟਿੰਗ 'ਚ 'ਐਲ. ਐੱਨ. ਟੀ.' ਦੇ ਪ੍ਰਾਜੈਕਟ ਮੈਨੇਜਰ ਟੀ. ਬੀ. ਸਿੰਘ ਤੇ ਐਡਮਿਨੀਸਟ੍ਰੇਟਰ ਪਲਕ ਸਾਹਾ, ਕਰਨਲ ਜੇ. ਐੱਸ. ਬਾਠ, ਆਰ. ਐੱਸ. ਭੰਗੂ ਨੇ ਹਿੱਸਾ ਲਿਆ। ਮੀਟਿੰਗ 'ਚ ਵਿਧਾਇਕ ਸੰਧੂ ਨੇ ਕਿਹਾ ਕਿ ਉਹ ਤੁਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਰਹੇ ਹਨ ਕਿ ਇਸ ਪ੍ਰਾਜੈਕਟ ਲਈ ਕਿਸੇ ਸਪੈਸ਼ਲ ਐੱਸ. ਡੀ. ਐੱਮ. ਨੂੰ ਨਿਯੁਕਤ ਕੀਤਾ ਜਾਵੇ ਤਾਂ ਉਸ ਦਾ ਕੈਂਪ ਆਫਿਸ ਇੱਥੇ ਬਣਾਇਆ ਜਾਵੇ ਤੇ ਉਸ ਦਾ ਕੰਮ ਸਿਰਫ ਇਸ ਪ੍ਰਾਜੈਕਟ ਲਈ ਜ਼ਮੀਨ ਮੁਹੱਈਆ ਕਰਾਉਣਾ ਹੀ ਹੋਵੇ।