ਮੋਹਾਲੀ ''ਕੋਰੋਨਾ'' ਮੁਕਤ, ਬਦਲ ਜਾਵੇਗਾ ਗ੍ਰੀਨ ਜ਼ੋਨ ''ਚ
Saturday, May 23, 2020 - 06:05 PM (IST)
ਚੰਡੀਗੜ੍ਹ (ਪਾਲ) : ਹੁਣ ਮੋਹਾਲੀ ਗ੍ਰੀਨ ਜ਼ੋਨ 'ਚ ਬਦਲ ਜਾਵੇਗਾ, ਜਿਸ ਤੋਂ ਬਾਅਦ ਇਥੇ ਹਰ ਤਰ੍ਹਾਂ ਦੇ ਕੰਮ ਸ਼ੁਰੂ ਹੋ ਜਾਣਗੇ। ਹੁਣ ਤੱਕ ਮੋਹਾਲੀ ਆਰੇਂਜ ਜ਼ੋਨ 'ਚ ਸੀ ਜਦੋਂਕਿ ਇਥੇ ਰੈੱਡ ਜ਼ੋਨ ਵਾਲੀਆਂ ਗਾਇਡਲਾਇਨਜ਼ ਦਾ ਪਾਲਣ ਕੀਤਾ ਜਾ ਰਿਹਾ ਸੀ। ਜ਼ਿਲ੍ਹੇ 'ਚ ਕੁਲ 105 ਪਾਜ਼ੇਟਿਵ ਕੇਸ ਹਨ, ਜਿਨ੍ਹਾਂ 'ਚੋਂ 102 ਠੀਕ ਹੋ ਚੁੱਕੇ ਹਨ ਅਤੇ 3 ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਹੀ ਹੁਣ ਜ਼ਿਲ੍ਹੇ 'ਚ ਕੋਈ ਕੋਰੋਨਾ ਦਾ ਮਰੀਜ਼ ਨਹੀਂ ਹੈ ਪਰ ਕੋਰੋਨਾ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਸੋਸ਼ਲ ਡਿਸਟੈਂਸ ਸਮੇਤ ਹੋਰ ਮਾਪਦੰਡਾਂ ਦੀ ਪਾਲਣਾ ਕਰਨ ਦੀ ਵੀ ਨਸੀਹਤ ਦਿੱਤੀ ਹੈ ਤਾਂਕਿ ਜ਼ਿਲ੍ਹੇ ਨੂੰ ਇਸ ਰੋਗ ਤੋਂ ਹੁਣ ਦੂਰ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ ► ਤਪਦੀ ਧੁੱਪ 'ਚ ਮਾਂ ਨੇ ਜ਼ਮੀਨ 'ਤੇ ਰੱਖੀ ਬੱਚੀ, ਨਾਲ ਜਾਣ ਤੋਂ ਕੀਤਾ ਇਨਕਾਰ
ਮੋਹਾਲੀ ਕੋਰੋਨਾ ਮੁਕਤ, ਪੀ. ਜੀ. ਆਈ. 'ਚੋਂ 24 ਡਿਸਚਾਰਜ
ਚੰਡੀਗੜ੍ਹ/ਮੋਹਾਲੀ (ਪਾਲ/ਪਰਦੀਪ) : ਮੋਹਾਲੀ ਜ਼ਿਲ੍ਹਾ ਹੁਣ 'ਕੋਰੋਨਾ' ਮੁਕਤ ਹੋ ਗਿਆ ਹੈ। ਜ਼ਿਲ੍ਹੇ ਦੇ ਨਵਾਂਗਰਾਓਂ ਅਤੇ ਮੁੱਲਾਂਪੁਰ ਦੇ ਦੋ ਮਰੀਜ਼ ਪੀ. ਜੀ. ਆਈ. 'ਚ ਦਾਖਲ ਸਨ, ਜਿਨ੍ਹਾਂ ਨੂੰ ਵੀਰਵਾਰ ਨੂੰ ਛੁੱਟੀ ਮਿਲ ਗਈ। ਇਨ੍ਹਾਂ 'ਚ ਨਵਾਂਗਰਾਓਂ ਨਿਵਾਸੀ 30 ਸਾਲ ਦਾ ਅੰਕਿਤ ਅਤੇ ਮੁੱਲਾਂਪੁਰ 'ਚ ਪੈਂਦੇ ਪਿੰਡ ਮਿਲਖ ਦੀ 24 ਸਾਲ ਦੀ ਸੁਮਨ ਸ਼ਾਮਲ ਹੈ। ਵੀਰਵਾਰ ਨੂੰ ਇਨ੍ਹਾਂ ਨਾਲ ਪੀ. ਜੀ. ਆਈ. ਤੋਂ ਕੁੱਲ 24 ਮਰੀਜ਼ ਡਿਸਚਾਰਜ ਹੋਏ ਸਨ। ਇਨ੍ਹਾਂ 'ਚੋਂ ਪੀ. ਜੀ. ਆਈ. ਦੀ ਨਰਸ ਅਤੇ ਨਾਨੀ-ਦੋਹਤੀ ਨੂੰ ਵੀ ਘਰ ਭੇਜਿਆ ਗਿਆ, ਜਦੋਂ ਕਿ 21 ਲੋਕਾਂ ਨੂੰ ਸੂਦ ਧਰਮਸ਼ਾਲਾ 'ਚ ਕੁਆਰੰਟਾਈਨ ਸੈਂਟਰ 'ਚ ਰੱਖਿਆ ਜਾਵੇਗਾ। ਉੱਥੇ ਹੀ ਬਾਪੂਧਾਮ ਤੋਂ ਇਕ ਵਾਰ ਫਿਰ 10 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਕ ਕੇਸ ਸੈਕਟਰ-30 ਤੋਂ ਆਇਆ ਹੈ। ਚੰਡੀਗੜ੍ਹ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 218 ਹੋ ਗਈ ਹੈ।
ਇਹ ਵੀ ਪੜ੍ਹੋ ► ਬਰਨਾਲਾ ਜ਼ਿਲ੍ਹੇ ਦੀ ਇਕ ਹੋਰ ਜਨਾਨੀ ਆਈ 'ਕੋਰੋਨਾ' ਪਾਜ਼ੇਟਿਵ
ਪੀ. ਜੀ. ਆਈ. ਦੀ ਸਟਾਫ਼ ਨਰਸ ਵੀ ਹੋਈ ਠੀਕ
ਪੀ. ਜੀ. ਆਈ. 'ਚ ਬਤੌਰ ਸਟਾਫ਼ ਨਰਸ ਕੰਮ ਕਰਨ ਵਾਲੀ 27 ਸਾਲ ਦੀ ਮਰੀਜ਼ ਵੀ ਠੀਕ ਹੋ ਗਈ ਹੈ। 25 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਨਰਸ ਨੂੰ ਐਡਮਿਟ ਕੀਤਾ ਗਿਆ ਸੀ। ਨਰਸ ਨੂੰ ਪੁਰਾਣੀ ਡਿਸਚਾਰਜ ਪਾਲਿਸੀ ਦੇ ਅਧੀਨ ਦੋ ਵਾਰ ਨੈਗੇਟਿਵ ਆਉਣ ਤੋਂ ਬਾਅਦ ਡਿਸਚਾਰਜ ਕੀਤਾ ਗਿਆ ਹੈ।