ਮੋਹਾਲੀ ਦੇ ਬੱਸ ਅੱਡੇ ’ਤੇ ਪਰਤੀ ਰੌਣਕ, ਬੱਸਾਂ ਦੀ ਆਵਾਜਾਈ ਸ਼ੁਰੂ

Tuesday, Jun 16, 2020 - 11:59 AM (IST)

ਮੋਹਾਲੀ ਦੇ ਬੱਸ ਅੱਡੇ ’ਤੇ ਪਰਤੀ ਰੌਣਕ, ਬੱਸਾਂ ਦੀ ਆਵਾਜਾਈ ਸ਼ੁਰੂ

ਮੋਹਾਲੀ (ਨਿਆਮੀਆਂ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਈ ਸਾਲਾਂ ਤੋਂ ਬੰਦ ਪਏ ਡਰੀਮ ਪ੍ਰਾਜੈਕਟ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਅੱਡੇ ’ਤੇ ਉਸ ਵੇਲੇ ਰੌਣਕਾਂ ਪਰਤ ਆਈਆਂ, ਜਦੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਬੱਸ ਸੇਵਾਵਾਂ ਸ਼ੁਰੂ ਹੋ ਗਈਆਂ। ਕੁਝ ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਅੰਤਰਰਾਜੀ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਜਿਸ ਕਾਰਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਲਈ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ।

ਬੀਤੀ ਸਵੇਰੇ 5 ਵਜੇ ਤੋਂ ਇਥੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਗਈ। ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਇਹ ਬੱਸ ਅੱਡਾ ਕਾਫੀ ਰੌਣਕ ਵਾਲਾ ਖੇਤਰ ਜਾਪਿਆ। ਇਸ ਅੱਡੇ ਤੋਂ ਲੁਧਿਆਣਾ, ਪਠਾਨਕੋਟ, ਜਲੰਧਰ, ਅੰਮ੍ਰਿਤਸਰ, ਮੋਗਾ ਆਦਿ ਸ਼ਹਿਰਾਂ ਲਈ ਬੱਸਾਂ ਰਵਾਨਾ ਹੋਈਆਂ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਅਕਤੀਆਂ ਦੀ ਆਪਸੀ ਸਮਾਜਿਕ ਦੂਰੀ ਅਤੇ ਸੈਨੇਟਾਈਜੇਸ਼ਨ ਦੇ ਨਿਯਮਾਂ ਦਾ ਪੂਰਾ ਧਿਆਨ ਰੱਖਦਿਆਂ ਕਿਸੇ ਵੀ ਸਵਾਰੀ ਨੂੰ ਸੈਨੇਟਾਈਜ਼ ਕਰ ਕੇ ਹੀ ਬੱਸ ਅੱਡੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ।

ਇਸ ਬੱਸ ਅੱਡੇ ਦੇ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੱਸਾਂ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਮੋਹਾਲੀ ਦੇ ਇਸ ਬੱਸ ਅੱਡੇ ਤੋਂ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਇਕ ਬੱਸ 'ਚ 25 ਤੋਂ ਵੱਧ ਸਵਾਰੀਆਂ ਨੂੰ ਨਹੀਂ ਬਿਠਾਇਆ ਜਾ ਰਿਹਾ। ਇਸ ਬੱਸ ਅੱਡੇ ਦੇ ਨੇੜੇ ਟ੍ਰੈਫਿਕ ਪੁਲਸ ਜ਼ੋਨ-1 ਦੇ ਇੰਚਾਰਜ ਨਰਿੰਦਰ ਸੂਦ ਦੀ ਉਚੇਚੇ ਤੌਰ ’ਤੇ ਤਾਇਨਾਤੀ ਕੀਤੀ ਗਈ ਹੈ। ਸੂਦ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹ ਬੱਸਾਂ ਬਿਨਾਂ ਰੋਕ-ਟੋਕ ਤੋਂ ਚਲਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਇਕ ਸਵਾਰੀ ’ਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ, ਜਿਸ ਕਿਸੇ ’ਤੇ ਵੀ ਸ਼ੱਕ ਪੈਂਦੀ ਹੈ ਤਾਂ ਉਸ ਦੇ ਸਮਾਨ ਦੀ ਬਕਾਇਦਾ ਤਲਾਸ਼ੀ ਲਈ ਜਾਂਦੀ ਹੈ।


author

Babita

Content Editor

Related News