ਪਾਰਟੀ ਦੌਰਾਨ ਢਿੱਡ ’ਚ ਚਾਕੂ ਮਾਰ ਦੋਸਤ ਨੇ ਕੀਤਾ ਦੋਸਤ ਦਾ ਕਤਲ

12/4/2019 11:17:20 AM

ਮੋਹਾਲੀ (ਕੁਲਦੀਪ ਸਿੰਘ) - ਪੁਲਸ ਸਟੇਸ਼ਨ ਫੇਜ਼-1 ਅਧੀਨ ਆਉਂਦੇ ਪਿੰਡ ਮੋਹਾਲੀ ਵਿਖੇ ਕੁਝ ਦੋਸਤਾਂ ’ਚ ਚੱਲ ਰਹੀ ਸ਼ਰਾਬ ਪਾਰਟੀ ਦੌਰਾਨ ਇਕ ਦੋਸਤ ਨੇ ਦੂਜੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਵਿਸ਼ਾਲ ਉਰਫ਼ ਟੀਪੂ (18) ਵਜੋਂ ਹੋਈ ਹੈ, ਜੋ ਪਿੰਡ ਬੜਮਾਜਰਾ ਦਾ ਵਸਨੀਕ ਸੀ। ਕਤਲ ਕਰਨ ਵਾਲੇ ਨੌਜਵਾਨ ਦਾ ਨਾਂ ਵਿਕਾਸ ਉਰਫ਼ ਗੋਲੀ (19) ਦੱਸਿਆ ਗਿਆ, ਜੋ ਜੁਝਾਰ ਨਗਰ ਦਾ ਵਸਨੀਕ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਕਤਲ ਕਰਨ ਵਾਲੇ ਨੌਜਵਾਨ ਖਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।

ਕੈਟਰਿੰਗ ਦਾ ਕੰਮ ਕਰਦੇ ਸਨ ਸਾਰੇ ਦੋਸਤ 
ਜਾਣਕਾਰੀ ਮੁਤਾਬਕ ਵਿਸ਼ਾਲ, ਵਿਕਾਸ ਅਤੇ ਇਨ੍ਹਾਂ ਦੇ ਦੋਸਤ ਇਕੱਠੇ ਹੋ ਕੇ ਕੈਟਰਿੰਗ ਦਾ ਕੰਮ ਕਰਦੇ ਸਨ। ਸੋਮਵਾਰ ਦੀ ਸ਼ਾਮ ਨੂੰ ਉਹ ਪਿੰਡ ਮੋਹਾਲੀ ਸਥਿਤ ਆਪਣੇ ਦੋਸਤ ਦੇ ਘਰ ਬੈਠੇ ਪਾਰਟੀ ਕਰ ਰਹੇ ਸਨ, ਜਿਸ ਦੌਰਾਨ ਵਿਸ਼ਾਲ ਅਤੇ ਵਿਕਾਸ ’ਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਵਿਕਾਸ ਨੇ ਚਾਕੂ ਚੁੱਕ ਕੇ ਵਿਸ਼ਾਲ ਦੇ ਢਿੱਡ ’ਚ ਮਾਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ ’ਚ ਵਿਸ਼ਾਲ ਨੂੰ ਉਸਦੇ ਦੋਸਤ ਸਿਵਲ ਹਸਪਤਾਲ ਫੇਜ਼-6 ਲੈ ਗਏ, ਜਿੱਥੇ ਜਾਂਦਿਆਂ ਹੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰਾਂ ਦੇ ਮੂੰਹੋਂ ਉਸਦੇ ਮਰਨ ਦੀ ਖਬਰ ਸੁਣ ਕੇ ਸਾਰੇ ਦੋਸਤ ਲਾਸ਼ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਏ।

ਹਸਪਤਾਲ ਤੋਂ ਪੁਲਸ ਨੂੰ ਮਿਲੀ ਜਾਣਕਾਰੀ
ਸਿਵਲ ਹਸਪਤਾਲ ’ਚ ਬ੍ਰਾਊਟ ਡੈੱਡ ਲਿਆਂਦੇ ਗਏ ਨੌਜਵਾਨ ਦੇ ਬਾਰੇ ’ਚ ਡਾਕਟਰਾਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਦੌਰਾਨ ਪੁਲਸ ਹਰਕਤ ’ਚ ਆ ਗਈ। ਕਤਲ ਦੀ ਸੂਚਨਾ ਮਿਲਦਿਆਂ ਏ. ਐੱਸ. ਪੀ. ਮੈਡਮ ਅਸ਼ਵਨੀ ਗੋਟਿਆਲ, ਐੱਸ. ਐੱਚ. ਓ. ਪੁਲਸ ਸਟੇਸ਼ਨ ਫੇਜ਼-1 ਅਤੇ ਏ. ਐੱਸ. ਆਈ. ਬਲਜਿੰਦਰ ਸਿੰਘ ਮੰਡ ਰਾਤ ਨੂੰ ਹੀ ਹਸਪਤਾਲ ਪਹੁੰਚ ਗਏ।

ਰਾਤੋ-ਰਾਤ ਮੁਲਜ਼ਮ ਨੂੰ ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਜਾਂਚ ਅਧਿਕਾਰੀ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਲਾਸ਼ ਨੂੰ ਹਸਪਤਾਲ ’ਚ ਛੱਡ ਕੇ ਫਰਾਰ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਟੀਮਾਂ ਬਣਾ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਰਾਤੋ-ਰਾਤ ਮੁਲਜ਼ਮ ਵਿਕਾਸ ਉਰਫ਼ ਗੋਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏ. ਐੱਸ. ਆਈ. ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੌਜਵਾਨ ਵਿਕਾਸ ਉਰਫ਼ ਗੋਲੀ ਖਿਲਾਫ਼ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸਨੂੰ ਇਕ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

This news is Edited By rajwinder kaur