ਸਰਕਾਰ ਆਉਣ ’ਤੇ SIT ਬਣਾ ਕੇ ਝੂਠੇ ਮਾਮਲੇ ਦਰਜ ਕਰਨ ਵਾਲੇ ਅਫਸਰ ਡਿਸਮਿਸ ਕੀਤੇ ਜਾਣਗੇ : ਸੁਖਬੀਰ

Tuesday, Dec 24, 2019 - 03:46 PM (IST)

ਸਰਕਾਰ ਆਉਣ ’ਤੇ SIT ਬਣਾ ਕੇ ਝੂਠੇ ਮਾਮਲੇ ਦਰਜ ਕਰਨ ਵਾਲੇ ਅਫਸਰ ਡਿਸਮਿਸ ਕੀਤੇ ਜਾਣਗੇ : ਸੁਖਬੀਰ

ਮੋਗਾ (ਗੋਪੀ ਰਾਊਕੇ): ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਅਕਾਲੀ ਦਲ ਦੇ ਆਗੂਆਂ 'ਤੇ ਆਏ ਦਿਨ ਹੋ ਰਹੇ ਝੂਠੇ ਪੁਲਸ ਮਾਮਲਿਆਂ ਦੇ ਰੋਸ ਵਜੋਂ ਸਾਬਕਾ ਕੈਬਨਿਟ ਮੰਤਰੀ ਜਥੇ. ਤੋਤਾ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਚਿਤਾਵਨੀ' ਭਰੇ ਸ਼ਬਦਾਂ 'ਚ ਕਿਹਾ ਕਿ ਅਕਾਲੀ ਸਰਕਾਰ ਬਨਣ ਦੇ ਪਹਿਲੇ ਦਿਨ ਐੱਸ. ਆਈ. ਟੀ. ਦਾ ਗਠਨ ਕਰ ਕੇ ਜਿੱਥੇ ਅਕਾਲੀ ਆਗੂਆਂ 'ਤੇ ਹੋਏ ਸਮੁੱਚੇ ਪੁਲਸ ਮਾਮਲੇ ਰੱਦ ਕੀਤੇ ਜਾਣਗੇ, ਉੱਥੇ ਹੀ ਇਨ੍ਹਾਂ ਝੂਠੇ ਮੁਕੱਦਮਿਆਂ ਨੂੰ ਦਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਵੀ ਡਿਸਮਿਸ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹਰ ਫਰੰਟ 'ਤੇ ਫੇਲ ਰਹੇ ਮੁੱਖ ਮੰਤਰੀ 'ਤੇ ਹੁਣ ਪੰਜਾਬ ਕਾਂਗਰਸ ਦੇ ਵਿਧਾਇਕ ਭਾਰੀ ਪੈ ਗਏ ਹਨ। ਇਸੇ ਕਰ ਕੇ ਹੀ ਉਹ ਆਪਣੇ ਹਿਸਾਬ ਨਾਲ ਡੀ. ਐੱਸ. ਪੀ. ਅਤੇ ਥਾਣਾ ਮੁਖੀ ਲਾ ਕੇ ਹਰ ਪਾਸੇ 'ਲੁੱਟ' ਮਚਾ ਰਹੇ ਹਨ। ਉਨ੍ਹਾਂ ਬਿਨਾਂ ਕਿਸੇ ਪਾਰਟੀ ਆਗੂ ਦਾ ਨਾਂ ਲਏ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ ਦਾ ਗਠਨ ਕਰਨ ਵਾਲੇ ਆਗੂਆਂ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਦਰਅਸਲ ਇਹ ਆਗੂ ਕਾਂਗਰਸ ਦੇ ਇਸ਼ਾਰੇ 'ਤੇ ਚੱਲਦੇ ਹਨ ਪਰ ਇਹ ਜਿੰਨਾ ਮਰਜ਼ੀ ਜ਼ੋਰ ਲਾ ਦੇਣ ਪਰ 100 ਸਾਲਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਵਾਲਾ ਅਕਾਲੀ ਕਦੇ ਖਤਮ ਨਹੀਂ ਹੋਵੇਗਾ। ਅਸਲ 'ਚ ਟਕਸਾਲੀ ਉਹ ਹੁੰਦਾ ਹੈ, ਜੋ ਆਪਣੀ ਪਾਰਟੀ ਨਾਲ ਵਫਾਦਾਰੀ ਨਾਲ ਖੜ੍ਹਾ ਰਹੇ ਪਰ ਇਹ ਆਗੂ ਅਕਾਲੀ ਦਲ ਤੋਂ ਬੇਹੱਦ ਲਾਭ ਲੈ ਕੇ ਹੁਣ ਭੱਜ ਗਏ ਹਨ। ਸਾਬਕਾ ਕੈਬਨਿਟ ਮੰਤਰੀ ਜਥੇ. ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ 'ਚ ਮੋਗਾ ਜ਼ਿਲੇ ਅੰਦਰ ਧੱਕੇਸ਼ਾਹੀਆਂ ਸਭ ਹੱਦਾਂ-ਬੰਨ੍ਹੇ ਟੱਪ ਗਈਆਂ ਹਨ। ਪੰਚਾਇਤੀ ਚੋਣਾਂ ਲੁੱਟਣ ਵਾਲੇ ਕਾਂਗਰਸੀ ਆਗੂ ਹੁਣ ਜ਼ਮੀਨਾਂ 'ਤੇ ਕਬਜ਼ੇ ਕਰ ਰਹੇ ਹਨ।

ਉਨ੍ਹਾਂ ਮੋਗਾ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਸਕੂਲ 'ਤੇ ਕਾਂਗਰਸੀਆਂ ਵੱਲੋਂ ਕਥਿਤ ਤੌਰ 'ਤੇ ਕਬਜ਼ਾ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸੀਆਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਰਜਿਸਟਰੀ ਕਰਵਾਉਣ ਦੇ ਨਾਲ ਹੀ ਇੰਤਕਾਲ ਕਰਵਾ ਲਿਆ, ਜੋ ਬਾਅਦ 'ਚ ਭਾਰੀ ਰੋਸ ਪ੍ਰਗਟਾਉਣ ਮਗਰੋਂ ਇੰਤਕਾਲ ਰੱਦ ਕਰਵਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਹਲਕਾ ਧਰਮਕੋਟ ਦੇ ਕੈਨੇਡਾ ਬੈਠੇ ਅਕਾਲੀ ਆਗੂਆਂ 'ਤੇ ਵੀ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਹੁਣ ਪੰਜਾਬ ਦੀ ਹੀ ਨਹੀਂ ਸਗੋਂ ਦੇਸ਼ ਦੀ ਵੱਡੀ ਪਾਰਟੀ ਬਣ ਕੇ ਉੱਭਰ ਰਿਹਾ ਹੈ। ਇਸ ਸਮੇਂ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਮੋਗਾ ਹਲਕੇ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ, ਨਿਹਾਲ ਸਿੰਘ ਵਾਲਾ ਹਲਕੇ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਸੁਖਵਿੰਦਰ ਸਿੰਘ ਦਾਤੇਵਾਲ ਆਦਿ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਜਗਰਾਜ ਸਿੰਘ ਦੌਧਰ, ਸੁਖਵਿੰਦਰ ਸਿੰਘ ਬਰਾੜ, ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਰਪੰਚ ਗੁਰਮੀਤ ਸਿੰਘ ਗਗੜਾ, ਪ੍ਰਧਾਨ ਜਗਦੀਪ ਸਿੰਘ ਗਟਰਾ, ਪ੍ਰੇਮ ਚੰਦ ਚੱਕੀ ਵਾਲਾ, ਜ਼ਿਲਾ ਪ੍ਰਧਾਨ ਅਵਤਾਰ ਸਿੰਘ ਮਿੰਨਾ, ਖਣਮੁੱਖ ਭਾਰਤੀ ਪੱਤੋ, ਗੁਰਮੀਤ ਸਿੰਘ ਸਾਫ਼ੂਵਾਲਾ, ਬੂਟਾ ਸਿੰਘ ਦੌਲਤਪੁਰਾ, ਅਮਰਜੀਤ ਸਿੰਘ ਲੰਢੇਕੇ, ਰਾਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੂੰਵਾਲਾ, ਚਰਨਜੀਤ ਸਿੰਘ ਝੰਡੇਆਣਾ, ਸੁਖਚੈਨ ਸਿੰਘ ਸੱਦਾ ਸਿੰਘ ਵਾਲਾ, ਗੁਰਜੀਤ ਖੰਭੇ, ਅਮਰਜੀਤ ਮਟਵਾਣੀ, ਦਵਿੰਦਰ ਤਿਵਾੜੀ, ਹਰਜਿੰਦਰ ਕੁੱਸਾ, ਗੁਰਜੰਟ ਭੁੱਟੋ, ਅੰਗਰੇਜ਼ ਸੰਘਾ, ਜੱਗਾ ਪੰਡਤ, ਇੰਦਰਜੀਤ ਬੁੱਧ ਸਿੰਘ ਵਾਲਾ, ਬਲਤੇਜ ਮਹਿਰੋਂ, ਮਨਜੀਤ ਧੰਮੂ, ਗੁਰਮਿੰਦਰਜੀਤ ਬਬਲੂ, ਗੁਰਮੀਤ ਸਰਪੰਚ ਦੌਲਤਪੁਰਾ, ਸਰਪੰਚ ਅਜੀਤਪਾਲ ਰਣੀਆਂ, ਸੱਤਾ ਮੀਨੀਆ, ਸਰਪੰਚ ਗੁਰਮੇਲ ਤਖਤੂਪੁਰਾ, ਸੁਰਜੀਤ ਨੰਗਲ, ਚੇਅਰਮੈਨ ਰਣਧੀਰ ਚੂਹੜਚੱਕ, ਹਰਪ੍ਰੀਤ ਰਿੱਕੀ ਧਰਮਕੋਟ, ਡਾ. ਸਵਰਨ ਕੜਿਆਲ, ਚਰਨਜੀਤ ਝੰਡੇਆਣਾ ਆਦਿ ਹਾਜ਼ਰ ਸਨ।


author

Shyna

Content Editor

Related News