ਮਾਲਵਾ ਖਿੱਤੇ ਦਾ ਮੋਗਾ ਅੱਜ ਬਣੇਗਾ ਰੋਸ ਪ੍ਰਦਰਸ਼ਨਾਂ ਦਾ ਗੜ੍ਹ

12/24/2019 10:24:09 AM

ਮੋਗਾ (ਗੋਪੀ ਰਾਊਕੇ): ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੀ ਜਾਂਦੀ ਮੋਗਾ ਦੀ ਇਤਿਹਾਸਕ ਧਰਤੀ 24 ਦਸੰਬਰ ਨੂੰ ਮੁੜ ਰਾਜਸੀ ਅਤੇ ਸਮਾਜਕ ਸੰਗਠਨਾਂ ਦੇ ਸੰਘਰਸ਼ ਦਾ ਗੜ੍ਹ ਬਣੇਗੀ ਕਿਉਂਕਿ ਇਸ ਦਿਨ ਸੂਬੇ ਦੀ ਕਾਂਗਰਸ ਸਰਕਾਰ ਦੀ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਨਵੀਂ ਮੁਹਿੰਮ 'ਆਮ ਆਦਮੀ ਬੋਲੇਗਾ, ਕਾਂਗਰਸੀ-ਅਕਾਲੀਆਂ ਦੀ ਪੋਲ ਖੋਲ੍ਹੇਗਾ' ਦੀ ਸ਼ੁਰੂਆਤ ਕੀਤੀ ਜਾਵੇਗੀ, ਉੱਥੇ ਹੀ ਇਸ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ 'ਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ 'ਤੇ ਹਰ ਫਰੰਟ 'ਤੇ ਫੇਲ ਰਹੀ ਕਾਂਗਰਸ ਸਰਕਾਰ ਵਿਰੁੱਧ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ। ਇਸ ਧਰਨੇ 'ਚ ਭਾਰੀ ਪੁਲਸ ਫੋਰਸ ਵੀ ਤਾਇਨਾਤ ਹੈ। ਧਰਨੇ 'ਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੀ ਅਗਵਾਈ ਹੇਠ ਬਣਿਆ ਨਵਾਂ ਫਰੰਟ ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਵਿਖਾਵਾ ਕਰੇਗਾ।

ਆਮ ਆਦਮੀ ਪਾਰਟੀ ਹਲਕਾ ਮੋਗਾ ਦੇ ਇੰਚਾਰਜ ਨਵਦੀਪ ਸੰਘਾ ਨੇ ਸੰਪਰਕ ਕਰਨ 'ਤੇ ਇਸ ਨਵੀਂ ਮੁਹਿੰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਆਖਿਆ ਕਿ ਦਰਅਸਲ ਸੂਬੇ ਦੇ ਲੋਕ ਦੋਹਾਂ ਰਵਾਇਤੀ ਅਕਾਲੀ ਅਤੇ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ। ਇਹ ਮੁਹਿੰਮ ਦੋਵਾਂ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਸ਼ੁਰੂਆਤ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਰ ਫਰੰਟ 'ਤੇ ਫੇਲ ਸਾਬਤ ਹੋਈ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ , ਜਿਸ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਆ ਰਹੀ ਹੈ। ਕਾਂਗਰਸ ਸਰਕਾਰ ਦਾ ਤਿੰਨ ਵਰ੍ਹਿਆਂ ਦਾ ਕਾਰਜਕਾਲ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਸਰਕਾਰ ਨੇ ਸੂਬੇ ਦੀ ਜਨਤਾ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰ ਕੇ ਇਸ ਧਰਨੇ 'ਚ ਹੋਣ ਵਾਲਾ ਵਿਸ਼ਾਲ ਇਕੱਠ ਸਰਕਾਰ ਨੂੰ ਸੂਬੇ 'ਚੋਂ ਚਲਦਾ ਕਰਨ ਦਾ ਮੁੱਢ ਬੰਨ੍ਹੇਗਾ। ਇਸੇ ਦੌਰਾਨ ਹੀ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਦੱਸਣਾ ਸੀ ਕਿ 15 ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਪ੍ਰਦਰਸ਼ਨ ਦੀ ਜਾਣਕਾਰੀ ਲਈ ਸੂਹੀਆ ਤੰਤਰ ਹੋਇਆ ਸਰਗਰਮ
ਮੋਗਾ ਵਿਖੇ ਰਾਜਸੀ ਧਿਰਾਂ ਦੇ ਇਕੱਠਾਂ ਦੇ ਨਾਲ-ਨਾਲ ਜਨਤਕ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਸਮਾਗਮ ਦੀ ਸਾਰੀ ਜਾਣਕਾਰੀ ਪਹਿਲਾਂ ਇਕੱਤਰ ਕਰਨ ਲਈ ਸੂਹੀਆ ਤੰਤਰ ਵੀ ਸਰਗਰਮ ਹੋ ਗਿਆ ਹੈ। ਸੂਹੀਆ ਤੰਤਰ ਵੱਲੋਂ ਇਸ ਹੋ ਰਹੇ ਧਰਨੇ ਦੀ ਪਲ-ਪਲ ਦੀ ਜਾਣਕਾਰੀ ਇਕੱਤਰ ਕਰਨ ਦੇ ਨਾਲ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਇਸ 'ਚ ਕਿੰਨਾ ਇਕੱਠ ਹੋ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਅਮਨ-ਕਾਨੂੰਨ ਦੇ ਮੱਦੇਨਜ਼ਰ ਸਾਰੀਆਂ ਅਗਾਊਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।


Shyna

Content Editor

Related News