ਮੋਗਾ ਪੁਲਸ ਨੇ ਇੱਕ ਮਹੀਨੇ ’ਚ ਕੱਟੇ 10,515 ਚਲਾਨ, 36 ਲੱਖ ਦਾ ਠੋਕਿਆ ਜ਼ੁਰਮਾਨਾ

Friday, Jun 26, 2020 - 09:21 AM (IST)

ਮੋਗਾ ਪੁਲਸ ਨੇ ਇੱਕ ਮਹੀਨੇ ’ਚ ਕੱਟੇ 10,515 ਚਲਾਨ, 36 ਲੱਖ ਦਾ ਠੋਕਿਆ ਜ਼ੁਰਮਾਨਾ

ਮੋਗਾ (ਗੋਪੀ ਰਾਉੂਕੇ) : ਇਕ ਪਾਸੇ ਜਿੱਥੇ ਕੋਰੋਨਾ ਦੀ ਮਹਾਮਾਰੀ ਕਰ ਕੇ ਸਮੁੱਚਾ ਕਾਰੋਬਾਰ ‘ਠੱਪ’ ਪਿਆ ਹੈ, ਉੱਥੇ ਹੀ ਆਮ ਲੋਕਾਂ ਨੂੰ ਭਾਰੀ ਆਰਥਿਕ ਮੰਦਹਾਲੀ 'ਚੋਂ ਲੰਘਣਾ ਪੈ ਰਿਹਾ ਹੈ, ਉੱਥੇ ਦੂਜੇ ਪਾਸੇ ਸਰਕਾਰੀ ਸਖ਼ਤੀ ਕਾਰਨ ਲੋਕਾਂ ਦੀ ਹੁਣ ਜੇਬ ਵੀ ‘ਢਿੱਲੀ’ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਜਦੋਂ ਤੋਂ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਹੈ, ਉਦੋਂ ਜ਼ਿਲ੍ਹਾ ਪੁਲਸ ਵਲੋਂ ਬਿਨ੍ਹਾਂ ਮਾਸਕ ਲੰਘਣ ਵਾਲੇ ਰਾਹਗੀਰਾਂ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਵਿਰੁੱਧ ਵੱਡੀ ਸਖ਼ਤੀ ਵਰਤੀ ਜਾ ਰਹੀ ਹੈ। ‘ਜਗ ਬਾਣੀ’ ਵਲੋਂ ਇਸ ਸਬੰਧ 'ਚ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਇੱਕ ਮਹੀਨੇ ਦੌਰਾਨ ਜ਼ਿਲ੍ਹਾ ਪੁਲਸ ਨੇ 10,515 ਚਲਾਨ ਕਰ ਕੇ 36 ਲੱਖ ਤੋਂ ਵੱਧ ਦਾ ਜ਼ੁਰਮਾਨਾ ਵਸੂਲਿਆਂ ਹੈ।
ਜ਼ਿਲ੍ਹਾ ਪੁਲਸ ਨੇ 21 ਮਈ ਤੋਂ 23 ਜੂਨ ਤੱਕ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 36 ਲੱਖ 16 ਹਜ਼ਾਰ 800 ਰੁਪਏ ਜ਼ੁਰਮਾਨਾ ਠੋਕਿਆ ਹੈ। ਪਤਾ ਲੱਗਾ ਹੈ ਕਿ ਬਿਨ੍ਹਾਂ ਮਾਸਕ ਤੋਂ ਲੰਘਣ ਵਾਲੇ ਰਾਹਗੀਰਾਂ ਦੇ ਪੁਲਸ ਪ੍ਰਸ਼ਾਸਨ ਵੱਲੋਂ ਇਸ ਅਰਸੇ ਦੌਰਾਨ 8940 ਚਲਾਨ ਕੀਤੇ ਹਨ, ਜਿਸ ਤਹਿਤ 32 ਲੱਖ 10 ਹਜ਼ਾਰ 300 ਰੁਪਏ ਜ਼ੁਰਮਾਨਾ ਵਸੂਲਿਆ ਹੈ, ਜਦੋਂ ਕਿ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਦੇ 1488 ਚਲਾਨ ਕਰ ਕੇ ਪੁਲਸ ਪ੍ਰਸ਼ਾਸਲ ਵੱਲੋਂ 2 ਲੱਖ 76 ਹਜ਼ਾਰ ਤੇ ਸਮਾਜਿਕ ਦੂਰੀ ਨਾ ਰੱਖਣ ਵਾਲਿਆਂ ਦੇ 87 ਚਲਾਨ ਕਰ ਕੇ 1 ਲੱਖ 30 ਹਜ਼ਾਰ 500 ਰੁਪਏ ਜ਼ੁਰਮਾਨਾ ਵਸੂਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਬਣਾਉਣ ਲਈ 29 ਮਈ ਨੂੰ ਮਾਸਕ ਦੀ ਉਲੰਘਣਾ ਦੇ ਜ਼ੁਰਮਾਨੇ ਦੀ ਰਾਸ਼ੀ 200 ਤੋਂ ਵਧਾ ਕੇ 500 ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਜ਼ੁਰਮਾਨਾ ਰਾਸ਼ੀ ਵਧਾਉਣ ਮਗਰੋਂ ਪੁਲਸ ਪ੍ਰਸ਼ਾਸਨ ਵੱਲੋਂ ਨਵੇਂ ਨਿਯਮਾਂ ਤਹਿਤ ਜ਼ੁਰਮਾਨੇ ਵਸੂਲ ਕੀਤੇ ਜਾ ਰਹੇ ਹਨ।
 


author

Babita

Content Editor

Related News