ਮੋਗਾ ਪੁਲਸ ਵੱਲੋਂ ਫਿਰੋਜ਼ਪੁਰ ਦੇ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

Monday, Feb 24, 2025 - 05:40 PM (IST)

ਮੋਗਾ ਪੁਲਸ ਵੱਲੋਂ ਫਿਰੋਜ਼ਪੁਰ ਦੇ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

ਮੋਗਾ (ਕਸ਼ਿਸ਼ ਸਿੰਗਲਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਵੱਲੋਂ ਨਸ਼ਾ ਤਸਕਰਾ ਖ਼ਿਲਾਫ ਚਲਾਈ ਗਈ ਮੁਹਿੰਮ ਤਹਿਤ ਅਜੈ ਗਾਂਧੀ ਐੱਸ.ਐੱਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਸ ਨੇ ਨਾਕਾਬੰਦੀ ਦੌਰਾਨ ਤਿੰਨ ਤਸਕਰਾਂ ਨੂੰ ਕੋਟਕਪੂਰਾ ਬਾਈਪਾਸ ਤੋਂ 200 ਗ੍ਰਾਮ ਹੈਰੋਇਨ ਅਤੇ ਇਕ ਕਾਰ ਸਮੇਤ ਗ੍ਰਿਫਤਾਰ ਕਰਕੇ ਥਾਣਾ ਸਿਟੀ ਸਾਊਥ ਵਿਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਐੱਸਐੱਸਪੀ ਮੋਗਾ ਅਜੈ ਗਾਂਧੀ ਦੇ ਹੁਕਮਾਂ ਅਧੀਨ ਨਸ਼ੇ ਨੂੰ ਜੜ੍ਹੋਂ ਤੋਂ ਖਤਮ ਕਰਨ ਲਈ ਨਸ਼ਾ ਤਸਕਰਾਂ ‘ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। 

ਇਸੇ ਕੜੀ ਦੇ ਤਹਿਤ ਮੋਗਾ ਪੁਲਸ ਨੇ ਨਾਕਾ ਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕੋਟਕਪੂਰਾ ਬਾਈਪਾਸ ਤੋਂ 200 ਗ੍ਰਾਮ ਹੈਰੋਇਨ ਅਤੇ ਇਕ ਕਾਰ ਨਾਲ ਗ੍ਰਿਫਤਾਰ ਕੀਤਾ ਹੈ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਤ ਹਨ ਜਿਨ੍ਹਾਂ ਦੀ ਪਹਿਚਾਣ ਧਰਮ ਸਿੰਘ ਜਸਪ੍ਰੀਤ ਅਤੇ ਕਮਲਜੀਤ ਸਿੰਘ ਦੇ ਤੌਰ 'ਤੇ ਹੋਈ ਹੈ। ਇਨ੍ਹਾਂ ਖਿਲਾਫ ਥਾਣਾ ਸਿਟੀ ਸਾਊਥ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿਛ ਕੀਤੀ ਜਾਵੇਗੀ। ਤਿੰਨਾਂ ਵਿਅਕਤੀਆਂ 'ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਦੇ ਅਧੀਨ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ।


author

Gurminder Singh

Content Editor

Related News