''ਦੁੱਧ ਚੁਆਈ ਮੁਕਾਬਲੇ'' ''ਚ ਮੋਗਾ ਦੀ ਗਾਂ ਨੇ ਮਾਰੀ ਬਾਜ਼ੀ
Tuesday, Jan 22, 2019 - 11:19 AM (IST)

ਚੰਡੀਗੜ੍ਹ (ਅਸ਼ਵਨੀ) : ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਸੂਬੇ ਦੇ ਸਾਰੇ ਜ਼ਿਲਿਆਂ 'ਚ ਉੱਤਮ ਪਸ਼ੂ ਧਨ ਦੀ ਪਛਾਣ ਤੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਮੰਤਵ ਨਾਲ ਮਹੀਨਾਵਾਰ ਬਲਾਕ ਪੱਧਰੀ 'ਦੁੱਧ ਚੁਆਈ ਮੁਕਾਬਲੇ' ਸ਼ੁਰੂ ਕੀਤੇ ਗਏ । ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦਸੰਬਰ ਦੇ ਦੇਸੀ ਨਸਲ ਦੀ ਗਾਂ ਐੱਚ. ਐੱੱਫ. ਦੇ ਦੁੱਧ ਚੁਆਈ ਮੁਕਾਬਲਿਆਂ 'ਚ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਦੇ ਹਰਪ੍ਰੀਤ ਸਿੰਘ ਦੀ ਗਾਂ 68.14 ਕਿਲੋ ਦੁੱਧ ਦੇ ਕੇ ਜੇਤੂ ਰਹੀ। ਮੁਰਾ ਮੱਝ ਦੇ ਨਸਲ ਮੁਕਾਬਲਿਆਂ 'ਚ ਜਲੰਧਰ ਦੇ ਹਰਵਿੰਦਰਜੀਤ ਸਿੰਘ ਦੀ ਮੱਝ 25.04 ਕਿਲੋ ਦੁੱਧ ਦੇ ਕੇ ਜੇਤੂ ਰਹੀ।
ਨੀਲੀ ਰਾਵੀ ਦੇ ਮੁਕਾਬਲਿਆਂ 'ਚ ਨਾਭਾ ਦੇ ਜੋਗਾ ਸਿੰਘ ਦੀ ਨੀਲੀ ਰਾਵੀ ਮੱਝ 21.66 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ। ਨੂਰਮਹਿਲ ਦੇ ਚਿਨਮੀਆ ਆਨੰਦ ਦੀ ਸਾਹੀਵਾਲ ਗਾਂ 19.37 ਕਿਲੋ ਦੁੱਧ ਦੇ ਕੇ ਜੇਤੂ ਰਹੀ। ਵਿਦੇਸ਼ੀ ਗਾਂ ਜਰਸੀ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਪਿੰਡ ਮੱਛੀਵਾਲ ਦੇ ਅਮਨਦੀਪ ਸਿੰਘ ਦੀ ਗਾਂ 37.25 ਕਿਲੋ ਦੁੱਧ ਨਾਲ ਜੇਤੂ ਰਹੀ। ਬੱਕਰੀਆਂ ਦੇ ਮੁਕਾਬਲੇ ਵਿਚ ਪਟਿਆਲਾ ਦੇ ਪਿੰਡ ਬਿਰਦਾਨੋ ਦੇ ਮਨਵੀਰ ਸਿੰਘ ਦੀ ਬੱਕਰੀ 5.05 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।