ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਸ਼ਹਿਰੀ ਖੌਫਜ਼ਦਾ
Tuesday, Apr 02, 2019 - 04:15 AM (IST)

ਮੋਗਾ (ਚਟਾਨੀ)-ਚੋਰਾਂ ਦੀ ਮੁਸਤੈਦੀ ਮੂਹਰੇ ਪੁਲਸ ਦੀ ਮੁਸਤੈਦੀ ਲਗਾਤਾਰ ਫਿੱਕੀ ਪੈਂਦੀ ਜਾ ਰਹੀ ਹੈ, ਜਦੋਂ ਵੀ ਪੁਲਸ ਅਧਿਕਾਰੀਆਂ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਭਰੀਆਂ ਚੁਣੌਤੀਆਂ ਵਾਲੇ ਬਿਆਨਾਂ ਰਾਹੀਂ ਤਾਡ਼ਨਾ ਕੀਤੀ ਜਾਂਦੀ ਹੈ, ਉਦੋਂ ਹੀ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਸ ਨੂੰ ਚੁਣੌਤੀ ਦੇ ਦਿੱਤੀ ਜਾਂਦੀ ਹੈ। ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਖੌਫਜ਼ਦਾ ਹੋਏ ਸ਼ਹਿਰੀਆਂ ਦਾ ਕਹਿਣਾ ਹੈ ਕਿ ਚੋਰਾਂ ਦੀ ਪੈਡ਼ ਨੱਪਣ ’ਚ ਲਗਾਤਾਰ ਅਸਫਲ ਹੁੰਦੀ ਆ ਰਹੀ ਪੁਲਸ ਤੋਂ ਹੁਣ ਅਮਨ-ਕਾਨੂੰਨ ਦੀ ਸਲਾਮਤੀ ਦੀ ਆਸ ਮੁੱਕਦੀ ਜਾ ਰਹੀ ਹੈ। ਲੋਕਾਂ ਆਖਿਆ ਕਿ ਭਾਵੇਂ ਪੁਲਸ ਘਰ-ਘਰ ’ਚ ਪਹਿਰਾ ਤਾਂ ਨਹੀਂ ਦੇ ਸਕਦੀ ਪਰ ਪੁਲਸ ਵੱਲੋਂ ਜੇਕਰ ਗਸ਼ਤ ’ਚ ਨਿਰੰਤਰ ਤੇਜ਼ੀ ਆਵੇ ਤਾਂ ਇਸ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ। ਲੋਕਾਂ ਦਾ ਇਹ ਵੀ ਉਲਾਂਭਾ ਹੈ ਕਿ ਪੁਲਸ ਸੂਚਨਾ ਮਿਲਦੇ ਸਾਰ ਘਟਨਾ ਸਥਾਨ ’ਤੇ ਨਹੀਂ ਪੁੱਜਦੀ, ਜਿਸ ਕਾਰਨ ਚੋਰਾਂ ਨੂੰ ਖਿਸਕਣ ਲਈ ਖੁੱਲ੍ਹਾ ਸਮਾਂ ਮਿਲ ਜਾਂਦਾ ਹੈ। ਓਧਰ ਪੁਲਸ ਦੇ ਸਥਾਨਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਲਸ ਨੇ ਕਈ ਮਾਮਲੇ ਹੱਲ ਕੀਤੇ ਹਨ ਅਤੇ ਉਨ੍ਹਾਂ ਵੱਲੋਂ ਫੁਰਤੀ ’ਚ ਕੋਈ ਕਸਰ ਨਹੀਂ ਛੱਡੀ ਜਾਂਦੀ।