ਸ਼ਹਿਰ ਦਾ ਵਿਗਡ਼ਿਆ ਅਮਨ-ਕਾਨੂੰਨ, ਲੋਕਾਂ ਸਿਰੋਂ ਲੱਥਾ ਕਾਂਗਰਸ ਦਾ ਜਨੂੰਨ
Thursday, Mar 28, 2019 - 03:28 AM (IST)
ਮੋਗਾ (ਚਟਾਨੀ)-ਨਸ਼ਿਆਂ ਕਾਰਨ ਮੌਤ ਦੀਆਂ ਬਰੂਹਾਂ ਉਪਰ ਜਾ ਖਡ਼੍ਹੇ ਆਪਣੇ ਜਵਾਨ ਪੱੁਤਰਾਂ ਅਤੇ ਸਿਰ ਦੇ ਸਾਈਆਂ ਦੀਆਂ ਸਲਾਮਤੀ ਲਈ ਘਰਾਂ ਦੀਆਂ ਸੁਆਣੀਆਂ ਦੀਆਂ ਚੀਕਾਂ ਨੇ ਭਾਵੇਂ ਅਸਮਾਨ ਪਾਡ਼ ਸੱੁਟਿਆ ਹੈ, ਪਰ ਪੀਡ਼ਤ ਪਤਨੀਆਂ ਅਤੇ ਮਾਵਾਂ ਦੀਆਂ ਹੂਕਾਂ ਕਾਂਗਰਸੀ ਨੇਤਾਵਾਂ ਦੇ ਕੰਨਾਂ ਤੱਕ ਅਜੇ ਵੀ ਨਹੀਂ ਪੱੁਜੀਆਂ। ਸ਼ਹਿਰ ਦੀ ਮਹੰਤਾਂ ਵਾਲੀ ਗਲੀ ਹੀ ਨਹੀਂ ਸਗੋਂ ਹੋਰ ਸ਼ਹਿਰ ਬਸਤੀਆਂ ਅਤੇ ਪਿੰਡਾਂ ਦੀਆਂ ਗਲੀਆਂ ’ਚ ਸ਼ਰੇਆਮ ਵਿਕਦੇ ਨਸ਼ਿਆਂ ਦੇ ਝੰਬੇ ਪਰਿਵਾਰਾਂ ਦੀ ਹਾਲ ਦੁਹਾਈ ਮੌਜੂਦਾ ਪ੍ਰਸ਼ਾਸਕਾਂ ਦੇ ਦਰਵਾਜਿਆਂ ਉਪਰ ਪੱੁਜਣ ਤੋਂ ਪਹਿਲਾਂ ਹੀ ਦਮ ਤੋਡ਼ ਜਾਂਦੀ ਹੈ। ਆਪਣੇ ਪੱੁਤਰਾਂ ਉਪਰ ਆਪਣੇ ਪਰਿਵਾਰਾਂ ਦੇ ਰੌਸ਼ਨ îਭਵਿੱਖ ਦੀ ਆਸ ਰੱਖੀ ਬੈਠੀਆਂ ਮਾਵਾਂ ਜੰਗੀਰ ਕੌਰ, ਮੂਰਤੀ, ਬਿਮਲਾ, ਗੁਰਨਾਮ ਕੌਰ, ਜੀਤੋ ਅਤੇ ਗੁਰਮੇਲ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨਸ਼ਿਆਂ ਸਬੰਧੀ ਗੁਟਕਾ ਸਾਹਿਬ ਨੂੰ ਹੱਥ ’ਚ ਫਡ਼੍ਹ ਕੇ ਖਾਧੀਆਂ ਸੋਹਾਂ ਤੋਂ ਜੋ ਸੁਪਨੇ ਉਨ੍ਹਾਂ ਨੇ ਦੇਖੇ ਸਨ ਉਹ ਅਸਲੋਂ ਚਕਨਾਚੂਰ ਹੋ ਕੇ ਰਹਿ ਗਏ ਹਨ। ਇਹ ਸਿਰਫ ਉਕਤ ਦਰਸਾਈਆਂ ਪੀਡ਼ਤ ਮਾਵਾਂ ਦੀ ਦਰਦ ਕਹਾਣੀ ਹੀ ਨਹੀਂ ਸਗੋਂ ਹੋਰ ਮਾਵਾਂ ਅਜਿਹੇ ਦਰਦ ਨਾਲ ਵਿਲਕ ਰਹੀਆਂ ਹਨ। ਓਧਰ ਚਿੱਟੇ ਦਿਨ ਘਰਾਂ ’ਚ ਹੋ ਰਹੀਆਂ ਚੋਰੀਆਂ ਅਤੇ ਥਾਣੇ ਦੇ ਬਿਲਕੱੁਲ ਲਾਗੀਆਂ ਦੁਕਾਨਾਂ ਦੇ ਵਾਰ-ਵਾਰ ਟੱੁਟਦੇ ਜਿੰਦਰਿਆਂ ਨੂੰ ਅਮਨ ਅਤੇ ਕਾਨੂੰੂਨ ਦੀ ਵਿਗਡ਼ੀ ਹਾਲਤ ਉਪਰ ਵੱਡੀ ਮੋਹਰ ਦੱਸਦਿਆਂ ਲੋਕਾਂ ਨੇ ਕਿਹਾ ਕਿ ਹੁਣ ਕਾਂਗਰਸੀ ਭ੍ਰਿਸ਼ਟ ਰਾਜ ਪ੍ਰਬੰਧ ਸਬੰਧੀ ਹੋਰ ਕਿਹਡ਼ੇ ਸਬੂਤ ਮੰਗ ਰਹੇ ਹਨ। ਮੁਹੱਲਿਆਂ ਦੀਆਂ ਵੱਖ-ਵੱਖ ਔਰਤਾਂ ਨੇ ਆਪਣੇ ਕੰਨਾਂ ’ਚੋਂ ਝਪਟੀਆਂ ਗਈਆਂ ਵਾਲ੍ਹੀਆਂ, ਖੋਹੇ ਗਏ ਪਰਸ ਅਤੇ ਮੋਬਾਇਲ ਫੋਨ ਤੋਂ ਇਲਾਵਾ ਚੋਰੀ ਹੋਈਆਂ ਸਕੂਟਰੀਆਂ ਦੇ ਮਾਮਲਿਆਂ ਸਬੰਧੀ ਵੀ ਦੱਸਿਆ। ਕਾਂਗਰਸ ਸ਼ਾਸਨ ਦੇ ਸੋਹਲੇ ਗਾਉਣ ਵਾਲਿਆਂ ਨੂੰ ਹਲੂਣਦਿਆਂ ਪੀਡ਼ਤ ਮਾਵਾਂ ਨੇ ਕਿਹਾ ਕਿ ਉਹ ਹੋਰਾਂ ਦੇ ਘਰਾਂ ’ਚ ਨਸ਼ਿਆਂ ਦੀ ਲੱਗੀ ਅੱਗ ਨੂੰ ਬਸੰਤਰ ਨਾ ਸਮਝਣ ਕਿਉਂਕਿ ਇਹ ਅੱਗ ਉਨ੍ਹਾਂ ਦੇ ਘਰਾਂ ’ਚ ਵੀ ਪੱੁਜ ਸਕਦੀ ਹੈ। ਔਰਤਾਂ ਨੇ ਕਿਹਾ ਕਿ ਜਦ ਤੱਕ ਨਸ਼ਿਆਂ ਅਤੇ ਹੋਰਨਾਂ ਅਲਾਮਤਾਂ ਖਿਲਾਫ ਜਨਤਕ ਲਾਮਬੰਦੀ ਨਹੀਂ ਹੋ ਜਾਂਦੀ ਤਦ ਤੱਕ ਇਸ ਜਾਲ ਨੂੰ ਤਾਰ-ਤਾਰ ਕਰਨਾ ਔਖ਼ਾ ਹੈ। ਭਾਵੇਂ ਪੁਲਸ ਪ੍ਰਸ਼ਾਸਨ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੋਵੇ, ਪਰ ਪਰ ਕੋਨੇ-ਕੋਨੇ ’ਚੋਂ ਕਨਸੋਆਂ ਮਿਲੀਆਂ ਹਨ ਕਿ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਕਾਰਜਾਂ ’ਚ ਸਿਆਸੀ ਲੋਕਾਂ ਦੀ ਸਿੱਧੀ ਦਖਲ ਅੰਦਾਜ਼ੀ ਅਤੇ ਦਬਾਅ ਕਾਰਨ ਹੀ ਨਸ਼ੇ ਦੇ ਤਸਕਰਾਂ ਖਿਲਾਫ ਕਾਰਵਾਈ ਨੂੰ ਢੁੱਕਵਾਂ ਅੰਜਾਮ ਨਹੀਂ ਦਿੱਤਾ ਜਾ ਰਿਹਾ ਹੈ। ਪੁਲਸ ਦੇ ਕੰਮਾਂ ’ਚ ਸਿਆਸੀ ਦਖਲ ਦੀ ਇਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਰੱਖਦਿਆਂ ਪੁਸ਼ਟੀ ਵੀ ਕੀਤੀ ਹੈ।
