ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਸੀ ਜੈਮਲ ਸਿੰਘ ''ਚ

Saturday, Feb 16, 2019 - 11:08 AM (IST)

ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਸੀ ਜੈਮਲ ਸਿੰਘ ''ਚ

ਮੋਗਾ/ਕੋਟ ਈਸੇ ਖਾਂ (ਗੋਪੀ ਰਾਊਕੇ, ਜ.ਬ., ਗਾਂਧੀ, ਸੰਜੀਵ)— ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ 'ਚ ਪੰਜਾਬ ਦੇ ਮੋਗਾ ਜ਼ਿਲੇ ਦੇ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਘਲੋਟੀ ਖੁਰਦ ਦਾ ਨੌਜਵਾਨ ਜੈਮਲ ਸਿੰਘ ਵੀ ਸ਼ਾਮਲ ਹੈ, ਜੋ ਕੇਂਦਰੀ ਸੁਰੱਖਿਆ ਬਲ ਦੀ ਬੱਸ ਦਾ ਡਰਾਈਵਰ ਸੀ। ਇਸ ਹਮਲੇ 'ਚ ਸ਼ਹੀਦ ਹੋਏ ਜੈਮਲ ਸਿੰਘ ਦੀ ਖ਼ਬਰ ਜਿਉਂ ਹੀ ਪਿੰਡ ਘਲੋਟੀ ਖੁਰਦ ਪੁੱਜੀ ਤਾਂ ਚਾਰੇ ਪਾਸੇ ਮਾਤਮ ਛਾ ਗਿਆ। 'ਜਗ ਬਾਣੀ' ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ 26 ਅਪ੍ਰੈਲ, 1974 ਨੂੰ ਪਿਤਾ ਜਸਵੰਤ ਸਿੰਘ ਦੇ ਘਰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਜਨਮੇ ਜੈਮਲ ਸਿੰਘ ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਸੀ ਅਤੇ ਜੈਮਲ ਆਪਣੀ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੋਟ ਈਸੇ ਖਾਂ ਤੋਂ ਕਰਨ ਮਗਰੋਂ 23 ਅਪ੍ਰੈਲ, 1993 ਨੂੰ ਸੀ. ਆਰ. ਪੀ. ਐੱਫ਼. ਦੀ 76 ਬੀ. ਐੱਨ. ਯੂਨਿਟ 'ਚ ਬਤੌਰ ਸਿਪਾਹੀ ਭਰਤੀ ਹੋਇਆ। ਭੈਣ ਤੇ ਭਰਾ ਤੋਂ ਵੱਡੇ ਜੈਮਲ ਸਿੰਘ ਦਾ ਵਿਆਹ ਸੁਖਜੀਤ ਕੌਰ ਨਾਲ ਹੋਇਆ।

ਜੈਮਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਵਿਆਹ ਮਗਰੋਂ ਲੰਮਾ ਸਮਾਂ ਜੈਮਲ ਦੇ ਘਰ ਕੋਈ ਔਲਾਦ ਪੈਦਾ ਨਾ ਹੋਈ ਪਰ ਹੁਣ 5 ਵਰ੍ਹੇ ਪਹਿਲਾਂ ਜਦੋਂ ਜੈਮਲ ਸਿੰਘ ਦੇ ਘਰ ਸਪੁੱਤਰ ਗੁਰਪ੍ਰਕਾਸ਼ ਨੇ ਜਨਮ ਲਿਆ ਤਾਂ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਪਰ ਪੁੱਤ ਦੇ ਸ਼ਹੀਦ ਹੋਣ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਡੂੰਘੇ ਸਦਮੇ ਵਿਚ ਧਕੇਲ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਹੀਦ ਜੈਮਲ ਸਿੰਘ ਆਪਣੀ ਪਤਨੀ ਤੇ ਬੱਚੇ ਨਾਲ ਜਲੰਧਰ ਵਿਖੇ ਸਰਕਾਰੀ ਕੁਆਰਟਰ 'ਚ ਰਹਿੰਦਾ ਸੀ, ਜਦਕਿ ਉਸ ਦੇ ਮਾਤਾ-ਪਿਤਾ ਪਿੰਡ ਘਲੋਟੀ ਖੁਰਦ ਵਿਖੇ ਰਹਿੰਦੇ ਹਨ।


author

Shyna

Content Editor

Related News