ਯੂਥ ਕਾਂਗਰਸ ਨੇ ਲਾਇਆ ਮੋਦੀ ਪਕੌੜਾ ਸਟਾਲ
Thursday, Feb 08, 2018 - 06:50 AM (IST)

ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ) - ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਸ਼ਹਿਰ ਦੇ ਮੇਨ ਬਾਜ਼ਾਰ 'ਚ ਮਹਾਰਾਜਾ ਅਗਰਸੈਨ ਚੌਕ ਵਿਖੇ ਮੋਦੀ ਪਕੌੜਾ ਸਟਾਲ ਲਾ ਕੇ ਯੂਥ ਕਾਂਗਰਸੀਆਂ ਨੇ ਕੇਂਦਰੀ ਮੰਤਰੀਆਂ ਦੇ ਨਾਂ ਰੱਖ ਕੇ ਵੱਖ-ਵੱਖ ਤਰ੍ਹਾਂ ਦੇ ਪਕੌੜੇ ਵੇਚੇ। ਇਸ ਅਨੋਖੇ ਢੰਗ ਦੇ ਪ੍ਰਦਰਸ਼ਨ ਦੌਰਾਨ ਮੋਦੀ ਪਕੌੜਾ 80 ਰੁਪਏ ਕਿਲੋ, ਜੇਤਲੀ ਪਕੌੜਾ 75 ਰੁਪਏ ਕਿਲੋ, ਸ਼ਾਹ ਪਕੌੜਾ 72 ਰੁਪਏ ਕਿਲੋ, ਸਮ੍ਰਿਤੀ ਪਕੌੜਾ 65 ਰੁਪਏ ਕਿਲੋ ਅਤੇ ਸਾਂਪਲਾ ਪਕੌੜਾ 55 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਕੇ ਮੋਦੀ ਸਰਕਾਰ 'ਤੇ ਤਨਜ਼ ਕੱਸਿਆ ਗਿਆ।
ਯੂਥ ਕਾਂਗਰਸ ਵੱਲੋਂ ਲਾਈ ਮੋਦੀ ਪਕੌੜਾ ਸਟਾਲ ਜਿਥੇ ਦਿਨ ਭਰ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਰਹੀ, ਉਥੇ ਹੀ ਕੇਂਦਰੀ ਮੰਤਰੀਆਂ ਦੇ ਨਾਂ ਵਾਲੇ ਪਕੌੜੇ ਖਾਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਮੌਕੇ ਪੂਨਮ ਕਾਂਗੜਾ ਨੇ ਕਿਹਾ ਕਿ ਬੜੀ ਦੁੱਖ ਦੀ ਗੱਲ ਹੈ ਕਿ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਸਰਕਾਰੀ ਨੌਕਰੀਆਂ ਦੇਣ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਵਾਅਦੇ ਕਰਨ ਵਾਲੀ ਮੋਦੀ ਸਰਕਾਰ ਅੱਜ ਦੇਸ਼ ਦੇ ਨੌਜਵਾਨਾਂ ਨੂੰ ਪਕੌੜੇ ਵੇਚਣ ਲਈ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਹੀ ਹੈ। ਜੇ ਨੌਜਵਾਨਾਂ ਤੋਂ ਪਕੌੜੇ ਹੀ ਵਿਕਵਾਉਣੇ ਹਨ ਤਾਂ ਅਨੇਕਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਕਿਉਂ ਖੋਲ੍ਹ ਰੱਖੀਆਂ ਹਨ। ਮੋਦੀ ਸਰਕਾਰ ਨੂੰ ਯੂਨੀਵਰਸਿਟੀ ਆਫ ਹਲਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਦੌਰਾਨ ਲਖਮੀਰ ਸਿੰਘ ਸੇਖੋਂ, ਰਾਜਪਾਲ ਰਾਜੂ, ਜਗਸੀਰ ਸਿੰਘ ਜੱਗੀ, ਸ਼ਕਤੀਜੀਤ ਸਿੰਘ, ਪਰਮਜੀਤ ਪੰਮੀ, ਅਮਨ ਚੋਪੜਾ, ਇੰਦਰਜੀਤ ਨੀਲੂ, ਸੁਮਿਤ ਲੱਕੀ ਗੁਲਾਟੀ, ਰਵੀ ਚਾਵਲਾ, ਸਰਬਜੀਤ ਕੌਰ, ਬੂਟਾ ਸਿੰਘ ਬੀਰ ਕਲਾਂ, ਅੰਮ੍ਰਿਤ ਦਿੜ੍ਹਬਾ ਤੋਂ ਇਲਾਵਾ ਹੋਰ ਵੀ ਯੂਥ ਕਾਂਗਰਸੀ ਹਾਜ਼ਰ ਸਨ।