ਮੋਦੀ ਸਰਕਾਰ ਕੋਰੋਨਾ ਦੇ ਬਹਾਨੇ ਕਿਰਤ ਕਾਨੂੰਨ ਛਾਗ ਕੇ ਲਗਾਤਾਰ ਲੋਕ ਮਾਰੂ ਕਾਨੂੰਨ ਕਰ ਰਹੀ ਹੈ ਪਾਸ : ਮਾਨ
Saturday, May 01, 2021 - 08:01 PM (IST)
ਭਵਾਨੀਗੜ੍ਹ,(ਕਾਂਸਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ, ਸ਼ਹੀਦੋ ਤੁਹਾਡੇ ਕਾਜ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ, ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ ਦੇ ਨਾਅਰੇ ਲਗਾ ਕੇ ਇਨਕਲਾਬੀ ਸ਼ਰਧਾਂਜਲੀਆਂ ਦਿੱਤੀਆਂ। ਅੱਜ ਦੇ ਦਿਨ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮਈ ਦਿਵਸ ਉਸ ਸਮੇਂ ਦੀਆਂ ਹਾਲਤਾਂ ਸੀ। ਉਨ੍ਹਾਂ ਹਾਲਤਾਂ ਨੂੰ ਅੱਜ ਦੀਆਂ ਹਾਲਤਾਂ ਨਾਲ ਟਕਰਾਉਂਦੇ ਹੋਏ ਜਦੋਂ 1886 ਵਿੱਚ ਹਾਲਤਾਂ ਸੀ ਜਿਵੇਂ ਮਜ਼ਦੂਰਾਂ ਤੋਂ ਹਾਕਮ ਆਪਣੇ ਡੰਡੇ ਦੇ ਜ਼ੋਰ ਤੇ ਮਜਦੂਰਾਂ ਦੀ ਆਰਥਿਕ, ਸ਼ਰੀਰਕ, ਮਾਨਸਿਕ ਲੁੱਟ ਕਰਦੇ ਅਤੇ ਵੱਧ ਤੋਂ ਵੱਧ ਸਮਾਂ ਕੰਮ ਕਰਵਾ ਕੇ ਘੱਟੋ-ਘੱਟ ਉਜਰਤ ਦੇ ਕੇ ਮਜ਼ਦੂਰਾ ਨੂੰ ਜ਼ਲੀਲ ਕਰਦੇ ਸਨ। ਇਸੇ ਤਰ੍ਹਾਂ ਅੱਜ ਮੋਦੀ ਸਰਕਾਰ ਵੱਲੋਂ ਕੋਰੋਨਾ ਦੇ ਬਹਾਨੇ ਕਿਰਤ ਕਾਨੂੰਨ ਛਾਗ ਦਿੱਤੇ ਗਏ ਹਨ। ਲਗਾਤਾਰ ਨਿੱਤ ਨਵੇਂ ਲੋਕ ਮਾਰੂ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਜਿਥੇ ਕੁੱਲ ਕੰਮ 'ਤੇ ਕਾਲੇ ਕਾਨੂੰਨ ਦਾ ਕੁਹਾੜਾ ਵਹਾਇਆ ਜਾ ਰਿਹਾ ਹੈ ਉਥੇ ਸਨਅਤੀ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮੁੜ 1886 ਵਾਲਾ ਗੇੜ ਦੁਹਰਾਇਆ ਜਾ ਰਿਹਾ ਹੈ ਜਿਸ ਵਿੱਚ 8 ਘੰਟੇ ਦੀ ਮਜ਼ਦੂਰੀ ਨੂੰ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਛੋਟੇ ਕਾਰਖਾਨੇ, ਫੈਕਟਰੀਆਂ ਆਦਿ ਬੰਦ ਕਰ ਕੇ ਬੇਰੁਜ਼ਗਾਰੀ ਦਾ ਕੁਹਾੜਾ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੰਦੋਲਨਕਾਰੀਆ ਨੂੰ ਕਿਹਾ ਅੱਜ ਤੁਹਾਡਾ ਮੱਥਾ ਵੱਡੀਆਂ ਤਾਕਤਾਂ ਨਾਲ ਲੱਗਾ ਹੋਇਆ ਹੈ ਇਨ੍ਹਾਂ ਨੂੰ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਅਤੇ ਹੋਰ ਕਿਰਤੀ ਵਰਗ ਦੇ ਲੋਕਾਂ ਦੀਆਂ ਵੱਡੀਆਂ ਲਾਮਬੰਦੀਆਂ ਨਾਲ ਹੀ ਠੱਲ੍ਹਿਆ ਜਾ ਸਕਦਾ ਹੈ।
ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਜੋ ਅੱਜ ਅਸੀਂ ਕੌਮਾਂਤਰੀ ਮਜ਼ਦੂਰ ਦਿਵਸ ਮਨਾ ਰਹੇ ਹਾਂ ਇਹ ਵਰਤਾਰਾ ਕੋਈ ਅਚਾਨਕ ਘਟਨਾ ਨਹੀਂ ਸੀ ਇਸ ਘਟਨਾ ਕਰਮ ਨੂੰ ਪੂਰੇ 100 ਸਾਲ ਲੱਗੇ ਕਿਉਂਕਿ ਉਸ ਤੋਂ ਪਹਿਲਾਂ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਸੰਸਾਰ ਦੇ ਵੱਡੇ ਹਿੱਸੇ ਵਿੱਚ ਫੈਲੀਆਂ ਹੋਈਆਂ ਸਨ ਤਾਂ ਉਸ ਸਮੇਂ ਦੇ ਸਾਮਰਾਜੀ ਮੁਲਕਾਂ ਦੇ ਸਨਅਤੀ ਘਰਾਣਿਆਂ ਨੇ ਆਪਣੀ ਉਜਰਤ ਵਧਾਉਣ ਖ਼ਾਤਰ ਵੱਖ ਵੱਖ ਮੁਲਕਾਂ ਦਾ ਦੌਰਾ ਕਰਕੇ ਉਨ੍ਹਾਂ ਮੁਲਕਾਂ ਦੀਆਂ ਸਮਾਜਿਕ ਤੇ ਭੂਗੋਲਿਕ ਹਾਲਤਾਂ ਨੂੰ ਘੋਖਿਆ ਤੇ ਮੰਡੀਆਂ ਦੇ ਰੂਪ ਵਿੱਚ ਵਰਤਿਆ। 18ਵੀਂ ਸਦੀ ਵਿੱਚ ਮਨੁੱਖ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਉਸ ਸਮੇਂ ਫਰਾਂਸ,ਜਰਮਨੀ,ਪੁਰਤਗੀਜ਼, ਅਮਰੀਕਾ ਵਰਗੇ ਮੁਲਕਾਂ ਵਿੱਚ ਵੱਡੀਆਂ ਸਨਅਤਾਂ ਲੱਗਣੀਆਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ 1785 ਵਿੱਚ ਫ਼ਰਾਂਸ ਵਿੱਚ ਸਨਅਤੀ ਕ੍ਰਾਂਤੀ ਆਈ ਉਸ ਸਮੇਂ ਕੱਪੜਾ ਬਣਾਉਣ ਅਤੇ ਛਾਪਾਖ਼ਾਨੀ ਦਾ ਉਦਯੋਗ ਸ਼ੁਰੂ ਹੋਇਆ।ਉਸ ਸਮੇਂ ਮਜ਼ਦੂਰਾਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਉਨ੍ਹਾਂ ਹਾਲਤਾਂ ਵਿੱਚ ਸਰੀਰਕ ਮਾਨਸਿਕ,ਆਰਥਿਕ ਲੁੱਟ ਨੂੰ ਬਚਾਉਣ ਲਈ ਸੋਚਣਾ ਸ਼ੁਰੂ ਕੀਤਾ। ਅਜਿਹੀ ਲੁੱਟ ਕਰਕੇ ਅਨੇਕਾਂ ਦੇਸ਼ਾਂ ਵਿੱਚ ਸੰਗਠਨ ਬਣਨੇ ਸ਼ੁਰੂ ਹੋਏ ਜਿਨ੍ਹਾਂ ਦੇ ਸਦਕਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਇਸ ਦੇ ਵਿਰੋਧ ਵਿੱਚ ਵੱਡਾ ਮੁਜ਼ਾਹਰਾ ਹੋਇਆ ਜਿੱਥੇ ਸੱਤ ਸਾਥੀ ਸ਼ਹੀਦ ਹੋਏ ਅਤੇ ਅਨੇਕਾਂ ਜ਼ਖ਼ਮੀ ਹੋਏ ਜਿਸ ਦੇ ਦਬਾਅ ਸਦਕਾ 1891 ਵਿੱਚ ਸਨਅਤੀ ਘਰਾਣਿਆਂ ਦੇ ਵੱਲੋਂ ਮਜ਼ਦੂਰਾਂ ਦੀ ਮੰਗ ਅਨੁਸਾਰ 8 ਘੰਟੇ ਦੀ ਡਿਊਟੀ ਤੇ ਹੋਰ ਪਰਿਵਾਰਕ ਸਹੂਲਤਾਂ ਮੰਨੀਆਂ ਗਈਆਂ।ਅੱਜ ਉਹੀ ਹਾਲਤਾਂ ਹਾਕਮ ਜਮਾਤਾਂ ਫੇਰ ਬਣਾ ਰਹੀਆਂ ਹਨ।ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ " ਅਸੀਂ ਜਿੱਤਾਂਗੇ ਜ਼ਰੂਰ " ਖੇਡਿਆ ਗਿਆ ਅਤੇ ਮੇਘਰਾਜ ਰੱਲਾ ਦੀ ਨਿਰਦੇਸ਼ਨਾ ਹੇਠ "ਖੁਦਕੁਸ਼ੀਆਂ ਦਾ ਰਾਹ ਛੱਡ ਪੈ ਜਾਉ ਰਾਹ ਸੰਘਰਸ਼ਾਂ ਦੇ" ਕੋਰੀਓ ਗਰਾਫੀ ਦੀ ਪੇਸ਼ਕਾਰੀ ਕੀਤੀ ਗਈ।