ਮੋਦੀ ਸਰਕਾਰ ਤੋਂ ਖਫਾ ਵੱਡੇ ਵੱਡੇ ਅਕਾਲੀ ਆਗੂ ਕਾਂਗਰਸ ਦਾ ਹੱਥ ਫੜਨ ਲਈ ਤਿਆਰ : ਜਥੇ. ਜ਼ੀਰਾ
Sunday, Oct 22, 2017 - 05:33 PM (IST)
ਜ਼ੀਰਾ (ਅਕਾਲੀਆਂ ਵਾਲਾ) - ਦੇਸ਼ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੋ ਗਏ ਹਨ ਕਿਉਂਕਿ ਇਸ ਸਰਕਾਰ ਨੇ ਲੋਕਾਂ ਦਾ ਇਸ ਕਦਰ ਮਨ ਖੱਟਾ ਕਰ ਦਿੱਤਾ ਹੈ ਕਿ ਉਹ 2019 ਵਾਲੀਆਂ ਲੋਕ ਸਭਾ ਚੋਣਾਂ ਦਾ ਇੰਤਜ਼ਾਰ 'ਚ ਹਨ। ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਪ੍ਰਧਾਨ ਬਣਨਾ ਹੀ ਕਾਂਗਰਸ ਪਾਰਟੀ ਲਈ ਕੇਂਦਰੀ ਸੱਤਾ ਪ੍ਰਾਪਤੀ ਦਾ ਸ਼ੁੱਭ ਸੰਕੇਤ ਹੈ। ਮੋਦੀ ਸਰਕਾਰ ਨੇ ਖੇਤੀ ਖੇਤਰ ਲਈ ਵਰਤੇ ਜਾ ਰਹੇ ਟਰੈਕਟਰ ਅਤੇ ਹੋਰ ਖੇਤੀ ਸੰਦਾਂ 'ਤੇ ਟੈਕਸ ਲਗਾ ਕੇ ਦੇਸ਼ ਦੀ ਆਰਥਿਕ ਪੱਖੋਂ ਡਾਵਾਂਡੋਲ ਹੋਈ ਕਿਸਾਨੀ ਨੂੰ ਮਧੋਲਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਵਿਚਾਰ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਿੰਡ ਬਹਿਕਾਂ ਵਿਖੇ ਮੌਜੂਦਾ ਬਲਾਕ ਸੰਮਤੀ ਦੀ ਉਪ ਚੇਅਰਮੈਨ ਸੁਰਿੰਦਰ ਕੌਰ ਤੇ ਜਗਦੀਪ ਸਿੰਘ ਨੂੰ ਅਕਾਲੀ ਭਾਜਪਾ ਗਠਜੋੜ ਨੂੰ ਛੱਡ ਤੇ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰਵਾਉਂਦੇ ਸਮੇਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਆਗੂਆਂ ਦਾ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਲੋਕਾਂ ਨੂੰ ਰਾਸ ਨਹੀਂ ਆ ਰਹੀਆਂ। ਜਥੇ. ਜ਼ੀਰਾ ਨੇ ਕਿਹਾ ਕਿ ਪਹਿਲਾਂ ਹੀ ਜੀ. ਐੱਸ. ਟੀ ਵਰਗੇ ਫੈਸਲਿਆਂ ਨੇ ਦੇਸ਼ ਦੀ ਆਰਥਿਕਤਾ 'ਤੇ ਬੁਰੀ ਸੱਟ ਮਾਰੀ ਹੈ। ਹੁਣ ਮੋਦੀ ਸਰਕਾਰ ਕਰਜ਼ੇ ਹੇਠ ਦੱਬੇ ਕਿਸਾਨਾਂ 'ਤੇ ਹੋਰ ਬੋਝ ਪਾ ਰਹੀ ਹੈ। ਉਨ੍ਹਾਂ ਉਪ ਚੇਅਰਮੈਨ ਸੁਰਿੰਦਰ ਕੌਰ ਦੇ ਪਰਿਵਾਰ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਨਾਲ ਕਾਂਗਰਸ ਪਾਰਟੀ ਨੂੰ ਬਲ ਮਿਲੇਗਾ।
ਆਪ ਨੂੰ ਵੀ ਕਾਂਗਰਸ ਨੇ ਹਲਾਇਆ
ਜਥੇ. ਜ਼ੀਰਾ ਦੇ ਪਰਿਵਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੁੰਦਿਆਂ ਆਪ ਦੇ ਉਮੀਦਵਾਰ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਵੀ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਡਾ. ਰਛਪਾਲ ਸਿੰਘ ਪ੍ਰਧਾਨ, ਹਰੀਸ਼ ਜੈਨ ਗੋਗਾ ਪ੍ਰਧਾਨ, ਸਤਪਾਲ ਨਰੂਲਾ ਪ੍ਰਧਾਨ, ਬਲਵਿੰਦਰ ਬੁੱਟਰ, ਕੁਲਬੀਰ ਟਿੰਮੀ ਆੜਤੀਆ, ਨੰਬਰਦਾਰ ਸਰਦੂਲ ਸਿੰਘ ਮਰਖਾਈ, ਦਲਵਿੰਦਰ ਸਿੰਘ ਗੋਸ਼ਾ ਮਰੂੜ, ਕੁਲਵਿੰਦਰ ਸਿੰਘ ਸਰਪੰਚ, ਧਰਪਾਲ ਸਿੰਘ, ਗੁਰਭਗਤ ਸਿੰਘ, ਹਰੀਸ਼ ਤਾਂਗੜਾ ਪ੍ਰਧਾਨ, ਨਛੱਤਰ ਜੋੜਾ, ਰਣਜੀਤ ਸਿੱਧੂ, ਨਰਿੰਦਰ ਸਿੰਘ ਚੰਦੀ, ਸੁਖਵਿੰਦਰ ਸਿੰਘ ਮੱਲਾਂਵਾਲਾ, ਬਲਕਾਰ ਸਿੰਘ ਮਾਨੋ ਚਾਹਲ, ਵਿਰਸਾ ਸਿੰਘ ਪ੍ਰਧਾਨ, ਜਗਦੀਪ ਸਿੰਘ ਬਹਿਕ, ਬੂਟਾ ਸਿੰਘ, ਜੰਗੀਰ ਸਿੰਘ, ਬਲਵਿੰਦਰ ਸਿੰਘ ਚੱਬਾ ਆਦਿ ਵੀ ਹਾਜ਼ਰ ਸਨ।
