ਮੋਦੀ ਸਰਕਾਰ ਦੇ ਬਜਟ ਦੀ ਅਕਾਲੀ ਆਗੂਆਂ ਨੇ ਕੀਤੀ ਸ਼ਲਾਘਾ
Saturday, Feb 03, 2018 - 03:29 AM (IST)
ਰਾਮਾਂ ਮੰਡੀ(ਪਰਮਜੀਤ)-ਕੇਂਦਰ ਸਰਕਾਰ ਨੇ ਕਿਸਾਨਾਂ ਅਤੇ ਮੱਧ ਵਰਗੀ ਲੋਕਾਂ ਦੇ ਹੱਕ 'ਚ ਵਿਕਾਸ ਪੱਖੀ ਬਜਟ ਪੇਸ਼ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਪੇਸ਼ ਕੀਤੇ ਗਏ ਬਜਟ 'ਚ ਗਰੀਬਾਂ, ਔਰਤਾਂ ਅਤੇ ਪੇਂਡੂ ਖੇਤਰਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ 2000 ਕਰੋੜ ਰੁਪਏ ਐਗਰੀਕਲਚਰ ਮਾਰਕੀਟ ਡਿਵੈਲਪਮੈਂਟ ਫੰਡ ਰਾਖਵਾਂ ਰੱਖਿਆ ਗਿਆ ਹੈ, ਜਿਸ ਨਾਲ ਇਸ ਖੇਤਰ ਦੇ ਵਿਕਾਸ ਨੂੰ ਪ੍ਰਫੁੱਲਿਤਾ ਮਿਲੇਗੀ। ਪ੍ਰਧਾਨ ਅਸ਼ੋਕ ਗੋਇਲ ਨੇ ਕਿਹਾ ਕਿ ਵਿੱਦਿਅਕ ਖ਼ੇਤਰ 'ਚ ਡਿਜੀਟਲ ਟੈਕਨਾਲੋਜੀ ਲਈ ਪੈਸਾ ਰਾਖਵਾਂ ਰੱਖਣ ਤੋਂ ਇਲਾਵਾ ਛੋਟੀ ਸਨਅਤ ਵਾਸਤੇ ਖਾਸ ਰੱਖੇ ਪੈਕੇਜ ਨੂੰ ਲਾਹੇਵੰਦ ਕਦਮ ਦੱਸਿਆ। ਬਜਟ ਨਾਲ ਦੇਸ਼ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ ਤੇ ਮੁੱਢਲੇ ਢਾਂਚੇ ਦੇ ਵਿਕਾਸ ਨੂੰ ਬਲ ਮਿਲੇਗਾ। ਇਸ ਬਜਟ 'ਚ ਖੇਤੀਬਾੜੀ, ਪੇਂਡੂ ਵਿਕਾਸ, ਛੋਟੀ ਸਨਅਤ ਤੇ ਗਰੀਬ ਪਰਿਵਾਰਾਂ ਦੀ ਮਦਦ ਅਤੇ ਬੀਮਾ ਯੋਜਨਾ ਲਈ ਜੋ ਮਤੇ ਪੇਸ਼ ਕੀਤੇ ਹਨ, ਉਹ ਸ਼ਲਾਘਾਯੋਗ ਹਨ। ਪ੍ਰਧਾਨ ਅਸ਼ੋਕ ਗੋਇਲ ਨੇ ਸਿੱਖਿਆ ਨੂੰ ਮਜ਼ਬੂਤ ਕਰਨ ਤੇ ਐੱਮ. ਐੱਸ. ਐੱਮ. ਈ. ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਨੌਕਰੀਆਂ 'ਚ ਵਾਧਾ ਹੋਵੇਗਾ ਤੇ ਬੇਰੁਜ਼ਗਾਰੀ ਘਟੇਗੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਲੜਕੀਆਂ ਦੀ ਪੜ੍ਹਾਈ ਅਤੇ ਵਿੱਦਿਆ ਖੇਤਰ 'ਚ ਨਵੀਆਂ ਤਜਵੀਜ਼ਾਂ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਉਚ ਸਿੱਖਿਆ ਨੂੰ ਖੋਜ ਵੱਲ ਕੇਂਦਰਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕਿਆ ਗਿਆ ਕਦਮ ਅਤਿ ਸ਼ਲਾਘਾਯੋਗ ਹੈ।
