ਪੰਜਾਬ ਨਾਲ ਮੋਦੀ ਦਾ ਪੁਰਾਣਾ ਵੈਰ : ਮਾਨ

12/17/2020 2:50:22 AM

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦਾ ਪੁਰਾਣਾ ਵੈਰੀ ਦੱਸਿਆ ਹੈ। ਮਾਨ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਮੋਦੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਹੋਏ ਹਨ ਅਤੇ ਮੋਦੀ ਅੱਖ ਬਚਾ ਕੇ ਗੁਜਰਾਤ ਪਹੁੰਚ ਗਏ ਹਨ। ਮਾਨ ਨੇ ਕਿਹਾ ਕਿ ਮੋਦੀ ਦੇਸ਼ ਵਿਚ ਚੱਲ ਰਹੇ ਪ੍ਰਮੁੱਖ ਮੁੱਦਿਆਂ ਤੋਂ ਭੱਜ ਰਹੇ ਹਨ। ਪ੍ਰਧਾਨ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਕਿਸਾਨਾਂ ਨੂੰ ਮਿਲਣ ਲਈ 24 ਘੰਟੇ ਉਪਲਬਧ ਹਨ ਪਰ ਦਿੱਲੀ ਦੇ ਬਾਰਡਰ ’ਤੇ ਖੁੱਲ੍ਹੇ ਅਸਮਾਨ ਹੇਠ 20 ਦਿਨਾਂ ਤੋਂ ਬੈਠੇ ਕਿਸਾਨ ਨਜ਼ਰ ਨਹੀਂ ਆ ਰਹੇ, ਬਲਕਿ ਉਹ ਗੁਜਰਾਤ ਵਿਚ ਜਾ ਕੇ ਪੰਜਾਬੀ ਕਿਸਾਨਾਂ ਨੂੰ ਮਿਲ ਰਹੇ ਹਨ।

ਮਾਨ ਨੇ ਕਿਹਾ ਕਿ ਮੋਦੀ ਗੁਜਰਾਤ ਵਿਚ ਜਿਨ੍ਹਾਂ ਪੰਜਾਬੀ ਕਿਸਾਨਾਂ ਨੂੰ ਮਿਲਣ ਦਾ ਦਾਅਵਾ ਕਰ ਰਹੇ ਹਨ, ਮੁੱਖ ਮੰਤਰੀ ਰਹਿੰਦੇ ਮੋਦੀ ਨੇ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਲਈਆਂ ਸਨ। ਮੋਦੀ ਸ਼ੁਰੂ ਤੋਂ ਹੀ ਪੰਜਾਬ ਤੇ ਪੰਜਾਬੀ ਕਿਸਾਨਾਂ ਦੇ ਵਿਰੋਧੀ ਰਹੇ ਹਨ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ, ਹੁਣ ਪ੍ਰਧਾਨ ਮੰਤਰੀ ਬਣ ਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਹਨ। ਮਾਨ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਜਦੋਂ ਇਕ ਪਾਸੇ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰ ’ਤੇ ਤੁਹਾਨੂੰ ਮਿਲਣ ਲਈ ਬੈਠੇ ਹਨ ਤਾਂ ਗੁਜਰਾਤ ਜਾ ਕੇ ਕਿਹੜੇ ਲੋਕਾਂ ਸਾਹਮਣੇ ਤੁਸੀਂ ਬਿੱਲਾਂ ਨੂੰ ਚੰਗਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭਰਮ ਵਿਚ ਪਾ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਨੀਤੀ ਛੱਡ ਕੇ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।


Bharat Thapa

Content Editor

Related News