ਵਿਵਾਦਾਂ ''ਚ ਫਰੀਦਕੋਟ ਦੀ ਮਾਡਰਨ ਜੇਲ, 25000 ''ਚ ਮਿਲਦੈ ਸਮਾਰਟ ਫੋਨ, ਹਰ ਚੀਜ਼ ਦਾ ਰੇਟ ਫਿਕਸ

Friday, Jan 24, 2020 - 06:47 PM (IST)

ਵਿਵਾਦਾਂ ''ਚ ਫਰੀਦਕੋਟ ਦੀ ਮਾਡਰਨ ਜੇਲ, 25000 ''ਚ ਮਿਲਦੈ ਸਮਾਰਟ ਫੋਨ, ਹਰ ਚੀਜ਼ ਦਾ ਰੇਟ ਫਿਕਸ

ਫਰੀਦਕੋਟ : ਫਰੀਦਕੋਟ ਦੀ ਮਾਡਰਨ ਜੇਲ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਮਾਡਰਨ ਜੇਲ 'ਚ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇਕ ਕੈਦੀ ਦੀ ਜੇਲ 'ਚੋਂ ਵੀਡੀਓ ਵਾਇਰਲ ਹੋਈ ਹੈ। ਕੈਦੀ ਨੇ ਜੇਲ 'ਚ ਵੀਡੀਓ ਬਣਾ ਕੇ ਜੇਲ ਪ੍ਰਬੰਧਨ 'ਤੇ ਕੁੱਟਮਾਰ ਕਰਕੇ ਫਿਰੌਤੀ ਮੰਗਣ, ਪ੍ਰਤਾੜਤ ਕਰਕੇ ਉਸ ਦੀ ਪਤਨੀ ਤੋਂ ਹਜ਼ਾਰਾਂ ਰੁਪਏ ਵਸੂਲਣ ਦੇ ਗੰਭੀਰ ਦੋਸ਼ ਲਗਾਏ ਹਨ। ਵੀਡੀਓ ਵਿਚ ਕੈਦੀ ਨੇ ਬੈਰਕ ਵਿਚ ਤਿੰਨ ਸਾਧਾਰਣ ਫੋਨ, ਸਮਾਰਟ ਫੋਨ, ਬਲਿਊਟੁੱਥ ਹੈੱਡਫੋਨ ਅਤੇ ਚਾਰਜਰ ਦਿਖਾ ਕੇ ਜੇਲ ਅਫਸਰਾਂ ਦੀ ਮਿਲੀਭੁਗਤ ਨਾਲ ਚੱਲ ਰਹੇ ਗੋਰਖਧੰਦੇ ਦਾ ਸਬੂਤ ਦਿੱਤਾ ਹੈ। 

ਉਸ ਨੇ ਦੋਸ਼ ਲਗਾਇਆ ਕਿ ਇਥੇ ਸਹੂਲਤਾਂ ਲਈ ਰੇਟ ਫਿਕਸ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਦਕੋਟ ਜੇਲ ਪ੍ਰਬੰਧਨ ਨੇ ਕੈਦੀ ਵਿਸ਼ਾਲ ਕੁਮਾਰ ਤੋਂ ਦੋ ਫੋਨ ਬਰਾਮਦ ਕਰਕੇ ਉਸ ਨੂੰ ਕਪੂਰਥਲਾ ਜੇਲ ਵਿਚ ਸ਼ਿਫਟ ਕਰ ਦਿੱਤਾ ਹੈ। ਦਰਅਸਲ, ਸੰਗਰੂਰ ਜੇਲ ਵਿਚ ਕਿਰਾਏ 'ਤੇ ਬੈਰਕ ਦੇਣ ਦੇ ਖੁਲਾਸੇ ਅਤੇ ਪਟਿਆਲਾ ਜੇਲ ਸੁਪਰੀਡੈਂਟ ਦੇ ਗੈਂਗਸਟਰਾਂ ਨਾਲ ਮਿਲ ਕੇ ਕੈਦੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਫਿਰੌਤੀ ਮੰਗਣ ਦੀਆਂ ਘਟਨਵਾਂ ਤੋਂ ਬਾਅਦ ਇਹ ਤੀਸਰਾ ਵੱਡਾ ਮਾਮਲਾ ਹੈ, ਜਿਸ ਨੇ ਜੇਲ ਵਿਭਾਗ ਦੀ ਪੋਲ ਖੋਲ੍ਹ ਦਿੱਤੀ ਹੈ। 

ਪਤਨੀ ਨੇ ਦਿੱਤੀ 60 ਹਜ਼ਾਰ ਦੀ ਰਿਸ਼ਵਤ
ਕੈਦੀ ਨੇ ਦੋਸ਼ ਲਗਾਇਆ ਕਿ ਫਰੀਦਕੋਟ ਜੇਲ 'ਚ ਡਿਪਟੀ ਪੱਧਰ ਦੇ ਅਧਿਕਾਰੀ ਨੇ ਕੁੱਟਮਾਰ ਕਰਕੇ ਸਿਰ ਪਾੜ ਦਿੱਤਾ। ਢਾਈ ਲੱਖ ਰੁਪਏ ਨਾ ਦੇਣ 'ਤੇ ਉਸ ਨੂੰ ਡਰੱਗ ਡੀ-ਏਡਿਕਸ਼ਨ ਬੈਰਕ ਨੰਬਰ 5 ਵਿਚ ਬੰਦ ਕਰ ਦਿੱਤਾ। ਇਸ ਤੋਂ ਬਚਣ ਲਈ ਉਸ ਨੇ ਪਤਨੀ ਰਾਹੀਂ 60 ਹਜ਼ਾਰ ਰੁਪਏ ਉਕਤ ਅਧਿਕਾਰੀ ਨੂੰ ਦਿੱਤੇ। ਜਿਸ ਦੇ ਉਕਤ ਕੋਲ ਸਬੂਤ ਵੀ ਹਨ। 28 ਦਸੰਬਰ ਨੂੰ ਫਿਰ ਜੇਲ ਅਧਿਕਾਰੀਆਂ ਨੇ ਪਤਨੀ ਤੋਂ ਉਸ ਦੀ ਜੇਲ 'ਚ ਮੁਲਾਕਾਤ ਕਰਾ ਕੇ 50 ਹਜ਼ਾਰ ਰੁਪਏ ਮੰਗੇ। ਜੇਲ 'ਚ 20 ਹਜ਼ਾਰ ਰੁਪਏ 'ਚ ਵੱਡੇ ਸਮਾਰਟਫੋਨ ਅਤੇ 5 ਹਜ਼ਾਰ ਰੁਪਏ ਵਿਚ ਛੋਟੇ ਫੋਨ ਜੇਲ ਅਧਿਕਾਰੀਆਂ ਵਲੋਂ ਉਪਲੱਬਧ ਕਰਵਾਏ ਜਾਂਦੇ ਹਨ। ਕੈਦੀ ਨੇ ਕਿਹਾ ਕਿ ਮੈਂ ਜਿਸ ਫੋਨ ਤੋਂ ਲਾਈਵ ਹੋ ਰਿਹਾ ਹਾਂ, ਇਹ ਮੈਨੂੰ 25 ਹਜ਼ਾਰ ਰੁਪਏ ਵਿਚ ਡਿਪਟੀ ਸੁਪਰਡੈਂਟ ਨੇ ਦਿੱਤਾ ਹੈ। 300 ਰੁਪਏ ਵਾਲਾ ਚਾਰਜਰ ਜੇਲ ਵਿਚ 3000 ਹਜ਼ਾਰ ਰੁਪਏ ਵਿਚ ਮਿਲਦਾ ਹੈ। 

ਕੀ ਬੋਲੇ ਏਡੀਜੀਪੀਸ ਜੇਲ 
ਇਸ ਸੰਬੰਧੀ ਏਡੀਜੀਪੀਸ ਪੀ. ਕੇ. ਸਿਨ੍ਹਾ ਦਾ ਕਹਿਣਾ ਹੈ ਕਿ ਫਰੀਦਕੋਟ ਜੇਲ ਤੋਂ ਕੈਦੀ ਦੀਆਂ ਜਿਹੜੀ ਵੀਡੀਓ ਵਾਇਰਲ ਹੋਈ ਹੈ। ਇਸ ਦੀ ਜਾਂਚ ਫਿਰੋਜ਼ਪੁਰ ਦੇ ਡੀ. ਆਈ. ਜੀ. ਜੇਲ ਨੂੰ ਸੌਂਪੀ ਗਈ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News