ਮੌੜ ਮੰਡੀ ਬੰਬ ਧਮਾਕਾ : ‘ਸਿਟ’ ਨੇ ਡੇਰਾ ਪ੍ਰਬੰਧਕਾਂ ਕੋਲੋਂ ਕੀਤੀ ਪੁੱਛਗਿੱਛ

02/19/2020 12:47:07 PM

ਬਠਿੰਡਾ (ਵਰਮਾ) - ਮੌੜ ਮੰਡੀ ਬੰਬ ਬਲਾਸਟ ਮਾਮਲੇ ਦੇ ਸਬੰਧ ’ਚ ‘ਸਿਟ’ ਨੇ ਡੇਰਾ ਪ੍ਰਬੰਧਕਾਂ ਤੋਂ ਪੁੱਛਗਿੱਛ ਕਰਦੇ ਹੋਏ ਕੁਝ ਦਸਤਾਵੇਜ਼ ਜ਼ਬਤ ਕੀਤੇ, ਜਦਕਿ ਬਾਕੀ ਦੇ ਦਸਤਾਵੇਜ਼ ਬਾਅਦ ’ਚ ਜਮ੍ਹਾ ਕਰਵਾਉਣ ਦਾ ਭਰੋਸਾ ਦਿੱਤਾ। ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਅਤੇ ‘ਸਿਟ’ ਦੇ ਨਿਰਦੇਸ਼ ’ਤੇ ਡੇਰੇ ਦੀ 5 ਮੈਂਬਰੀ ਪ੍ਰਬੰਧਕ ਸਮਿਤੀ ਐੱਸ. ਐੱਸ. ਪੀ. ਦਫਤਰ ਪਹੁੰਚੀ ਅਤੇ ਆਪਣੇ ਬਿਆਨ ਦਰਜ ਕਰਵਾਏ। ਇਸ ਮੌਕੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਤੀਜੀ ਵਾਰ ਨੋਟਿਸ ਮਿਲਣ ਦੇ ਬਾਵਜੂਦ ਵੀ ਨਹੀਂ ਪਹੁੰਚੀ। ਪੁੱਛਗਿੱਛ ਦੌਰਾਨ ਕਿਹੜੇ-ਕਿਹੜੇ ਪ੍ਰਬੰਧਕ ਸ਼ਾਮਲ ਸਨ, ਇਸਦਾ ਖੁਲਾਸਾ ਪੁਲਸ ਅਤੇ ਡੇਰੇ ਵਲੋਂ ਨਹੀਂ ਕੀਤਾ ਗਿਆ, ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਗੁਪਤ ਰੱਖਿਆ। ਜਾਣਕਾਰੀ ਅਨੁਸਾਰ ਪੁੱਛਗਿੱਛ ਦੌਰਾਨ ਕਰੀਬ 1-2 ਘੰਟੇ ਡੇਰਾ ਪ੍ਰਬੰਧਕਾਂ ਨਾਲ ਮੌੜ ਮੰਡੀ ਬਲਾਸਟ ਨਾਲ ਜੁੜੇ ਸਵਾਲ-ਜਵਾਬ ਕੀਤੇ ਗਏ। 

ਹਾਲਾਂਕਿ ਪੁਲਸ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਨੋਟਿਸ ਜਾਰੀ ਕਰ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਐੱਸ. ਆਈ. ਟੀ. ਨੇ ਦੋ ਵਾਰ ਡੇਰੇ ਦੀ ਚੇਅਰਪਰਸਨ ਨੂੰ 15 ਅਤੇ 23 ਜਨਵਰੀ ਨੂੰ ਬਠਿੰਡਾ ’ਚ ਪੇਸ਼ ਹੋਣ ਲਈ ਬੁਲਾਇਆ ਸੀ ਪਰ ਉਹ ਨਹੀਂ ਪਹੁੰਚੀ। ਉਨ੍ਹਾਂ ਦੀ ਥਾਂ ’ਤੇ ਹੋਰ ਅਹੁਦੇਦਾਰ ਪੇਸ਼ ਹੋਇਆ ਸੀ। ਮੰਗਲਵਾਰ ਨੂੰ ਵੀ ਚੇਅਰਪਰਸਨ ਦੇ ਖੁਦ ਆਉਣ ਦੀ ਚਰਚਾ ਸੀ ਪਰ ਉਹ ਨਹੀਂ ਪਹੁੰਚੀ ਅਤੇ ਉਨ੍ਹਾਂ ਦੀ ਥਾਂ 5 ਮੈਂਬਰੀ ਕਮੇਟੀ ਸ਼ਾਮਲ ਹੋਈ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਮੌੜ ਮੰਡੀ ਬੰਬ ਬਲਾਸਟ ਮਾਮਲੇ ਦੀ ਸੁਣਵਾਈ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ’ਚ ਤੈਅ ਕੀਤੀ ਗਈ ਸੀ ਪਰ ਮੰਗਲਵਾਰ ਨੂੰ ਇਸ ਦੀ ਕੋਈ ਸੁਣਵਾਈ ਨਹੀਂ ਹੋ ਸਕੀ।ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 6 ਮਾਰਚ 2020 ਤੱਕ ਮੁਲਤਵੀ ਕਰ ਦਿੱਤੀ।


rajwinder kaur

Content Editor

Related News