ਸੁਧੀਰ ਸੂਰੀ ਕਤਲਕਾਂਡ 'ਤੇ ਤ੍ਰਿਪਤ ਬਾਜਵਾ ਦਾ ਬਿਆਨ, ਸੂਬੇ ਦੀ ਅਮਨ ਸ਼ਾਂਤੀ ਨੂੰ ਢਾਹ ਲਾਉਣ ਲਈ ਹੋ ਰਹੀਆਂ ਸਾਜ਼ਿਸ਼ਾਂ

Friday, Nov 04, 2022 - 08:50 PM (IST)

ਸੁਧੀਰ ਸੂਰੀ ਕਤਲਕਾਂਡ 'ਤੇ ਤ੍ਰਿਪਤ ਬਾਜਵਾ ਦਾ ਬਿਆਨ, ਸੂਬੇ ਦੀ ਅਮਨ ਸ਼ਾਂਤੀ ਨੂੰ ਢਾਹ ਲਾਉਣ ਲਈ ਹੋ ਰਹੀਆਂ ਸਾਜ਼ਿਸ਼ਾਂ

ਬਟਾਲਾ (ਮਠਾਰੂ) : ਅੱਜ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦੀ ਦੁਖਦਾਈ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਿਚ ਲੱਗੇ ਹੋਏ ਹਨ। ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਲੰਬਾ ਸਮਾਂ ਇਹ ਸੰਤਾਪ ਹੰਢਾਇਆ ਹੈ, ਹੁਣ ਵੀ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜਾਣੋ ਕੌਣ ਹੈ ਸੁਧੀਰ ਸੂਰੀ, ਜਿਨ੍ਹਾਂ ਦਾ ਅੰਮ੍ਰਿਤਸਰ 'ਚ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਗਿਆ ਕਤਲ

ਵਿਧਾਇਕ ਬਾਜਵਾ ਨੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੋਈ ਮੌਤ ਦੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿੱਥੇ ਅਜਿਹੀ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਨਾਲ ਹੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਸੂਝ-ਬੂਝ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਲਾਂਬੂ ਲਗਾਉਣ ਵਾਲੀਆਂ ਫਿਰਕੂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।


author

Anuradha

Content Editor

Related News