ਮੀਤ ਹੇਅਰ ਦਾ ਰਾਜਾ ਵੜਿੰਗ 'ਤੇ ਵੱਡਾ ਹਮਲਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਸਰਕਾਰੀ ਬੱਸਾਂ

Thursday, Dec 16, 2021 - 10:03 PM (IST)

ਮੀਤ ਹੇਅਰ ਦਾ ਰਾਜਾ ਵੜਿੰਗ 'ਤੇ ਵੱਡਾ ਹਮਲਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਸਰਕਾਰੀ ਬੱਸਾਂ

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵੱਡਾ ਹਮਲਾ ਕੀਤਾ ਹੈ । ਮੀਤ ਹੇਅਰ ਨੇ ਕਿਹਾ ਕਿ ਰਾਜਾ ਵੜਿੰਗ ਪੜ੍ਹੇ-ਲਿਖੇ ਆਗੂ ਹਨ, ਇਸ ਦੇ ਬਾਵਜੂਦ ਲੋਕਾਂ ਨੂੰ ਗੁੰਮਰਾਹ ਤੇ ਡਰਾਮੇਬਾਜ਼ੀ ਕਰਨ ’ਚ ਲੱਗੇ ਹੋਏ ਹਨ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਹਵਾਈ ਅੱਡੇ ’ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਕਿ ਦੋ ਤਰ੍ਹਾਂ ਦੀਆਂ ਬੱਸਾਂ ਚਲਦੀਆਂ ਹਨ ਇਕ ਸਟੇਜ ਕੈਰਿਜ ਤੇ ਦੂਸਰੀਆਂ ਕੰਟ੍ਰੈਕਟ ਕੈਰਿਜ। ਸਟੇਜ ਕੈਰਿਜ ਬੱਸਾਂ ਰਸਤੇ ’ਚ ਥਾਂ-ਥਾਂ ਰੁਕ ਕੇ ਸਵਾਰੀਆਂ ਉਤਾਰ ਤੇ ਚੜ੍ਹਾਅ ਸਕਦੀਆਂ ਹਨ, ਜਦਕਿ ਕੰਟ੍ਰੈਕਟ ਕੈਰਿਜ ਬੱਸਾਂ ਜਾਂ ਟੂਰਿਸਟ ਬੱਸਾਂ, ਜਿਵੇਂ ਲੁਧਿਆਣਾ ਤੋਂ ਦਿੱਲੀ ਤਕ ਚਲਦੀਆਂ ਹਨ ਤੇ ਰਸਤੇ ’ਚ ਨਹੀਂ ਰੁਕਦੀਆਂ। ਮੀਤ ਹੇਅਰ ਨੇ ਕਿਹਾ ਕਿ ਦਿੱਲੀ ਏਅਰਪੋਰਟ ’ਤੇ ਕੰਟ੍ਰੈਕਟ ਕੈਰਿਜ ਬੱਸਾਂ ਹੀ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ

ਹਾਈਕੋਰਟ ਦੇ ਹੁਕਮ ਅਨੁਸਾਰ ਸਿਰਫ ਕੰਟ੍ਰੈਕਟ ਕੈਰਿਜ ਬੱਸਾਂ ਹੀ ਏਅਰਪੋਰਟ ਜਾ ਸਕਦੀਆਂ ਹਨ, ਨਾ ਕਿ ਸਟੇਜ ਕੈਰਿਜ ਬੱਸਾਂ। ਇਸ ਦੌਰਾਨ ਉਨ੍ਹਾਂ ਵੜਿੰਗ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੰਟ੍ਰੈਕਟ ਬੱਸਾਂ ਪਾ ਲਵੇ ਤਾਂ ਉਹ ਦਿੱਲੀ ਹਵਾਈ ਅੱਡੇ ’ਤੇ ਵੀ ਜਾਣਗੀਆਂ। ਇਸ ਲਈ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਜੇ ਤੁਸੀਂ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਹੋ ਤਾਂ ਦਿੱਲੀ ਜਾ ਕੇ ਮਿਲ ਸਕਦੇ ਹੋ। ਤੁਸੀਂ ਕੇਜਰੀਵਾਲ ਨੂੰ ਇਹ ਨਾ ਦੱਸੋ ਕਿ ਦਿੱਲੀ ’ਚ ਮਾਫੀਆ ਰਾਜ ਚੱਲ ਰਿਹਾ ਹੈ। ਕੇਜਰੀਵਾਲ ਨੇ ਉਥੇ ਮਾਫੀਆ ਰਾਜ ਬੰਦ ਕੀਤਾ, ਇਸੇ ਕਰਕੇ ਹੀ ਉਨ੍ਹਾਂ ਨੂੰ 90 ਤੋਂ 95 ਫੀਸਦੀ ਸੀਟਾਂ ਮਿਲਦੀਆਂ ਹਨ, ਜਦਕਿ ਕਾਂਗਰਸ ਦੀ ਉਥੇ ਜ਼ਮਾਨਤ ਜ਼ਬਤ ਹੁੰਦੀ ਹੈ ਤੇ ਇਕ ਵੀ ਸੀਟ ਨਹੀਂ ਮਿਲਦੀ।

ਮੀਤ ਹੇਅਰ ਨੇ ਕਿਹਾ ਕਿ ਤੁਹਾਡੇ ਕੋਲੋਂ ਪੰਜਾਬ ’ਚੋਂ ਮਾਫੀਆ ਰਾਜ ਬੰਦ ਨਹੀਂ ਹੋਇਆ ਤੇ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਵੀ ਰੇਤ ਮਾਫੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਬਰਗਾੜੀ ਮਾਮਲੇ ’ਚ ਵੀ ਕੁਝ ਨਹੀਂ ਕੀਤਾ। ਪੰਜਾਬ ਵਿਚ ਨਸ਼ਿਆਂ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਲੋਕ ਜਾਣਦੇ ਹਨ ਕਿ ਤੁਸੀਂ ਬੱਸਾਂ ਫੜਨ ਦੀ ਡਰਾਮੇਬਾਜ਼ੀ ਕੀਤੀ ਤੇ ਜਾਣਬੁੱਝ ਕੇ ਕਮਜ਼ੋਰ ਕੇਸ ਬਣਾਏ, ਜਿਹੜੇ ਹਾਈਕੋਰਟ ’ਚ ਟਿਕ ਹੀ ਨਹੀਂ ਸਕੇ। ਉਨ੍ਹਾਂ ਕਿਹਾ ਕਿ ਤੁਸੀਂ ਡਰਾਮੇਬਾਜ਼ੀਆਂ ਬੰਦ ਕਰ ਦਿਓ ਤੇ ਦੋ ਮਹੀਨਿਆਂ ’ਚ ਪੰਜਾਬ ਦੇ ਲੋਕ ਫ਼ੈਸਲਾ ਕਰਨਗੇ ਕਿ ਪੰਜਾਬ ਨੂੰ ਕਿਸ ਨੇ ਲੁਟਿਆ ਤੇ ਬਰਬਾਦ ਕੀਤਾ।

ਨੋਟ-ਮੀਤ ਹੇਅਰ ਦੇ ਰਾਜਾ ਵੜਿੰਗ ਨੂੰ ਇਸ ਜਵਾਬ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News