ਹਾਦਸੇ ''ਚ ਜ਼ਖ਼ਮੀ ਹੋਏ ਵਿਧਾਇਕ ਹਰਜੋਤ ਕਮਲ ਦੇ ਜਲਦੀ ਸਿਹਤਯਾਬ ਹੋਣ ਦੀ ਕੈਪਟਨ ਨੇ ਕੀਤੀ ਕਾਮਨਾ
Thursday, Oct 22, 2020 - 07:05 PM (IST)
ਜਲੰਧਰ— ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਬੀਤੀ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਹਾਦਸੇ 'ਚ ਜ਼ਖ਼ਮੀ ਹੋਏ ਡਾ. ਹਰਜੋਤ ਕਮਲ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਹਰਜੋਤ ਸਿੰਘ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ ਉਪਰੰਤ ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਮੋਗਾ ਵੱਲ ਜਾਂਦੇ ਸਮੇਂ ਫਤਿਹਗੜ੍ਹ ਸਾਹਿਬ ਵੱਲ ਜਾ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਮੈਂ ਕਾਰ ਹਾਦਸੇ 'ਚ ਜ਼ਖਮੀ ਹੋਏ ਮੋਗਾ ਦੇ ਵਿਧਾਇਕ ਕਮਲ ਹਰਜੋਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਜਲਦੀ ਹੀ ਸਿਹਤਯਾਬੀ ਹੋਣ ਦੀ ਕਾਮਨਾ ਕਰਦਾ ਹਾਂ।
ਦੱਸਣਯੋਗ ਹੈ ਕਿ ਇਸ ਹਾਦਸੇ ਦੌਰਾਨ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਚੰਡੀਗੜ੍ਹ ਤੋਂ ਮੋਗਾ ਆ ਰਹੇ ਸਨ ਕਿ ਅਚਾਨਕ ਫਤਿਹਗੜ੍ਹ ਦੇ ਪਿੰਡ ਖਮਾਣੋਂ ਨਜ਼ਦੀਕ ਗਲਤ ਦਿਸ਼ਾ ਤੋਂ ਆ ਰਹੀ ਸਕਾਰਪਿਓ ਗੱਡੀ ਉਨ੍ਹਾਂ ਦੇ ਵਾਹਨ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਵਿਧਾਇਕ ਦੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਗੱਡੀ ਦੀਆਂ ਬਾਰੀਆਂ ਤੋੜ ਕੇ ਵਿਧਾਇਕ ਡਾ. ਹਰਜੋਤ ਕਮਲ, ਚੇਅਰਮੈਨ ਵਿਨੋਦ ਬਾਂਸਲ ਅਤੇ ਗੱਡੀ ਦੇ ਡਰਾਈਵਰ ਨੂੰ ਜ਼ਖਮੀਂ ਹਾਲਤ 'ਚ ਬਾਹਰ ਕੱਢਿਆ ਗਿਆ ਅਤੇ ਇਕ ਹੋਰ ਗੱਡੀ ਰਾਹੀਂ ਮੋਗਾ ਦੇ ਰਾਜੀਵ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਡਾਕਟਰਾਂ ਦੇ ਦੱਸਣ ਮੁਤਾਬਕ ਵਿਧਾਇਕ ਡਾ. ਹਰਜੋਤ ਕਮਲ ਦੇ ਚੂਲ੍ਹੇ 'ਤੇ ਗੰਭੀਰ ਸੱਟ ਹੈ, ਜਿਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਚੇਅਰਮੈਨ ਵਿਨੋਦ ਬਾਂਸਲ ਦੀ ਇਕ ਬਾਂਹ ਅਤੇ ਇਕ ਲੱਤ 'ਤੇ ਫਰੈਕਚਰ ਹੈ, ਜਿਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਹਾਲ ਦੀ ਘੜੀ ਦੋਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਡਰਾਈਵਰ ਦੀ ਗੰਭੀਰ ਹਾਲਤ ਨੂੰ ਵੇਖਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਖ਼ਬਰ ਵਾਇਰਲ ਹੁੰਦਿਆਂ ਹੀ ਭਾਰੀ ਗਿਣਤੀ 'ਚ ਕਾਂਗਰਸੀ ਆਗੂ, ਵਰਕਰ ਅਤੇ ਆਮ ਲੋਕ ਹਸਪਤਾਲ ਪੁੱਜੇ।