ਵਿਧਾਇਕ ਚੀਮਾ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰਨ ਦੀ ਕੋਸ਼ਿਸ਼
Saturday, Sep 12, 2020 - 01:30 AM (IST)
ਸੁਲਤਾਨਪੁਰ ਲੋਧੀ,(ਧੀਰ)- ਸੁਲਤਾਨਪੁਰ ਲੋਧੀ ਦੇ ਨਿੱਧੜਕ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਫੇਸਬੁੱਕ ਅਕਾਊਂਟ ਨੂੰ ਦੁਬਾਰਾ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਚੀਮਾ ਨੇ ਦੱਸਿਆ ਕੀ ਬੀਤੇ ਦਿਨੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਵੀਡੀਓ ਕਾਨਫਰੰਸ ਦੌਰਾਨ ਵਿਸ਼ੇਸ਼ ਗੱਲਬਾਤ ਦੌਰਾਨ ਸੂਬਾ ਪੰਜਾਬ 'ਚ ਫੇਕ ਸੋਸ਼ਲ ਮੀਡੀਆ ਅਕਾਊਂਟ 'ਤੇ ਕੁੱਝ ਬਿਨਾਂ ਵਜੂਦ ਵਾਲੇ ਵੈਬ ਚੈਨਲ ਜੋ ਕੀ ਵਿਰੋਧੀਆਂ ਦੇ ਇਸ਼ਾਰੇ 'ਤੇ ਸਰਕਾਰ ਦੇ ਅਕਸ ਨੂੰ ਖਰਾਬ ਕਰ ਰਹੇ ਹਨ, ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ। ਜਿਸ ਦਾ ਮੁੱਖ ਮੰਤਰੀ ਸਾਹਿਬ ਨੇ ਵੀ ਸਖਤ ਸਟੈਂਡ ਲੈਂਦਿਆਂ ਪੰਜਾਬ ਦੇ ਡੀ. ਜੀ. ਪੀ. ਨੂੰ ਇਸ ਲਈ ਵਿਸ਼ੇਸ਼ ਧਿਆਨ ਦੇ ਕੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਲਈ ਕਿਹਾ ਸੀ। ਜਿਸ ਤਹਿਤ ਕੁੱਝ ਲੋਕਾਂ ਖਿਲਾਫ ਕਾਰਵਾਈ ਵੀ ਕੀਤੀ ਗਈ। ਜਿਸ ਕਾਰਣ ਬੁਖਲਾਹਟ ਵਿਚ ਆ ਕੇ ਵਿਰੋਧੀ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਉਨ੍ਹਾਂ ਦੇ ਹੌਂਸਲੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਪਰ ਚੀਮਾ ਨੇ ਵੰਗਾਰਦੇ ਹੋਏ ਕਿਹਾ ਕੀ ਜੋ ਵੀ ਲੋਕ ਅਜਿਹਾ ਕਰ ਰਹੇ ਹਨ, ਉਹ ਕਿਸੇ ਭੁਲੇਖੇ ਵਿਚ ਹਨ ਤੇ ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕੀ ਸਰਕਾਰ ਨੇ ਹੁਣ ਪੰਜਾਬ ਪੁਲਸ ਦੇ ਸਾਈਬਰ ਸੈੱਲ ਰਾਹੀਂ ਅਜਿਹੀਆਂ ਕਾਲੀਆਂ ਭੇਡਾਂ ਨੂੰ ਬੇਨਕਾਬ ਕਰਨ ਦਾ ਪੂਰਾ ਐਕਸ਼ਨ ਪਲਾਨ ਬਣਾ ਲਿਆ ਹੈ ਤੇ ਹੁਣ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦੇ ਕਾਫ਼ੀ ਸੁਰਾਗ ਵੀ ਮਿਲ ਚੁੱਕੇ ਹਨ ਤੇ ਸੂਬੇ ਦੇ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹਕੁੰਨ ਪ੍ਰਚਾਰ ਰਾਹੀਂ ਭੜਕਾਉਣ ਵਾਲੇ ਇਨ੍ਹਾਂ ਵਿਰੋਧੀਆਂ ਦੀ ਹੁਣ ਖੈਰ ਨਹੀਂ।
ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਪਰਦੇ ਪਿੱਛੇ ਲੂਕੇ ਲੋਕਾਂ ਨੂੰ ਖੁੱਲਾ ਚੈਲੰਜ ਹੈ ਕਿ ਉਹ ਸਾਮਣੇ ਆ ਕੇ ਤੱਥਾਂ ਦੇ ਆਧਾਰ 'ਤੇ ਗੱਲ ਕਰਨ ਪਰ ਅਜਿਹਾ ਕਰ ਉਹ ਆਪਣੇ ਲਈ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਚੀਮਾ ਨੇ ਦੱਸਿਆ ਕੀ ਉਨ੍ਹਾਂ ਦੇ ਫੇਸਬੁੱਕ ਪੇਜ਼ ਨੂੰ 2 ਮਹੀਨਿਆਂ ਵਿਚ ਦੂਸਰੀ ਵਾਰ ਹੈਕ ਕਰਨ ਦੀ ਕੋਸ਼ਿਸ਼ ਹੋਈ ਹੈ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਫਾਲੋਵਰ ਹਨ ਤੇ ਇਸ ਸਬੰਧੀ ਸੁਲਤਾਨਪੁਰ ਲੋਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਜਿਸ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ ਤੇ ਜਲਦ ਹੀ ਇਹ ਲੋਕ ਕਾਨੂੰਨ ਦੇ ਸ਼ਿਕੰਜੇ ਵਿਚ ਹੋਣਗੇ।