ਰੁੱਸੇ ਵਿਧਾਇਕਾਂ ਦੇ ਹੱਕ ''ਚ ਆਈਆਂ ਦਲਿਤ ਜਥੇਬੰਦੀਆਂ, ਕੈਪਟਨ ਨੂੰ ਚਿਤਾਵਨੀ

12/02/2019 6:35:14 PM

ਪਟਿਆਲਾ (ਜੋਸਨ) : ਪੰਜਾਬ ਕਾਂਗਰਸ 'ਚ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਦਲਿਤ ਜਥੇਬੰਦੀਆਂ ਅਤੇ ਬੁੱਧੀਜੀਵੀ ਸੰਸਥਾਵਾਂ (ਦਲਿਤ ਥਿੰਕ ਟੈਂਕ ਆਰਗੇਨਾਈਜ਼ੇਸ਼ਨ) ਨੇ ਕੈਪਟਨ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਹੀ ਜ਼ਿਲੇ ਦੇ ਚਾਰ ਵਿਧਾਇਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਇਹ ਵਿਧਾਇਕ ਸਾਰੇ ਹੀ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕਰਨਾ ਸਪੱਸ਼ਟ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੱਛੜੀਆਂ ਸ਼੍ਰੇਣੀਆਂ ਦੇ ਹੱਕ ਦੱਬ ਕੇ ਰੱਖਣਾ ਚਾਹੁੰਦੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੈਪਟਨ ਸਰਕਾਰ ਨੇ ਇਨ੍ਹਾਂ ਵਿਧਾਇਕਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਅਗਲੇ ਦਿਨਾਂ ਵਿਚ ਲੋਕ ਲਹਿਰ ਚਲਾ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਲੋਕਾਂ ਨੂੰ ਆਵਾਜ਼ ਮਾਰ ਕੇ ਇਕੱਠੇ ਕੀਤਾ ਜਾਵੇਗਾ।

ਇੱਥੇ ਰਵਿਦਾਸ ਮੰਦਰ ਵਿਚ ਦਲਿਤ ਜਥੇਬੰਦੀਆਂ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ, ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ, ਦਲਿਤ ਥਿੰਕ ਟੈਂਕ ਆਰਗੇਨਾਈਜ਼ੇਸ਼ਨ, ਡਾ. ਬੀ. ਆਰ. ਅੰਬੇਡਕਰ ਕਲੱਬ ਪਟਿਆਲਾ, ਦਲਿਤ ਸੈਨਾ ਪਟਿਆਲਾ ਆਦਿ ਜਥੇਬੰਦੀਆਂ ਨੇ ਵਿਸ਼ੇਸ਼ ਮੀਟਿੰਗ ਕਰਕੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਆਪਣੇ ਵਿਧਾਇਕਾਂ ਨੂੰ ਹੀ ਜਲੀਲ ਕਰ ਰਹੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਵਿਚ ਹੀ ਉਸ ਦੇ ਚਾਰ ਵਿਧਾਇਕ ਉਸ ਤੋਂ ਖਫਾ ਚੱਲ ਰਹੇ ਹਨ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ, ਇਹ ਮੁੱਦਾ ਹੁਣ ਤੱਕ ਹੱਲ ਕਰ ਲੈਣਾ ਚਾਹੀਦਾ ਸੀ ਪਰ ਲੱਗਦਾ ਹੈ ਕਿ ਅਫ਼ਸਰਸ਼ਾਹੀ ਅਧੀਨ ਆਈ ਕੈਪਟਨ ਸਰਕਾਰ ਕਿਸੇ ਵੱਡੇ ਘਟਨਾਕ੍ਰਮ ਦੀ ਆਸ ਵਿਚ ਹੈ। ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਵੱਲੋਂ ਆਪਣੇ ਵੱਲੋਂ ਸੁਣਾਈ ਵਿਥਿਆ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ, ਐਮਪੀ ਪ੍ਰਨੀਤ ਕੌਰ ਪਛੜੀਆਂ ਸ਼੍ਰੇਣੀਆਂ ਨਾਲ ਸਬੰਧ ਰੱਖਣ ਵਾਲੇ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕੇ ਵਿਚ ਬਦਨਾਮ ਕਰ ਰਹੀ ਹੈ ਤਾਂ ਕਿ ਲੋਕਾਂ ਵਿਚ ਉਨ੍ਹਾਂ ਦੇ ਵਿਧਾਇਕਾਂ ਦੀ ਪਤ ਮਾਰੀ ਜਾਵੇ ਪਰ ਇਸ ਦਾ ਖ਼ਮਿਆਜ਼ਾ ਸਮੁੱਚੀ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ। 

ਇਸੇ ਤਰ੍ਹਾਂ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ ਤੇ ਕਾਕਾ ਰਜਿੰਦਰ ਸਿੰਘ ਵੀ ਲੋਕ ਮੁੱਦਿਆਂ ਤੇ ਸਰਕਾਰ ਨਾਲ ਆਡਾ ਲਾ ਰਹੇ ਹਨ, ਜੇਕਰ ਲੋਕਾਂ ਦੇ ਕੰਮ ਅਫ਼ਸਰਸ਼ਾਹੀ ਨਹੀਂ ਕਰੇਗੀ ਤਾਂ ਵਿਧਾਇਕ ਕੀ ਕਰਨਗੇ। ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਵਿਧਾਇਕਾਂ ਦੀ ਸਰਕਾਰ ਨੇ ਨਾ ਸੁਣੀ ਤਾਂ ਉਹ ਵਿਧਾਇਕਾਂ ਵੱਲੋਂ ਇਕ ਜਨਵਰੀ ਨੂੰ ਮੋਤੀ ਮਹਿਲ ਦੇ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।


Gurminder Singh

Content Editor

Related News