AI ਦੀ ਸਿੱਖ ਮਰਿਆਦਾ ਖਿਲਾਫ ਦੁਰਵਰਤੋਂ; ਸ਼੍ਰੋਮਣੀ ਕਮੇਟੀ ਨੇ ਸੱਦ ਲਏ ਤਕਨੀਕੀ ਮਾਹਰ ਤੇ ਵਿਦਵਾਨ

Friday, Sep 26, 2025 - 09:51 PM (IST)

AI ਦੀ ਸਿੱਖ ਮਰਿਆਦਾ ਖਿਲਾਫ ਦੁਰਵਰਤੋਂ; ਸ਼੍ਰੋਮਣੀ ਕਮੇਟੀ ਨੇ ਸੱਦ ਲਏ ਤਕਨੀਕੀ ਮਾਹਰ ਤੇ ਵਿਦਵਾਨ

ਅੰਮ੍ਰਿਤਸਰ - ਆਰੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ ਮਰਯਾਦਾ ਦੇ ਖਿਲਾਫ਼ ਬਣਾਈਆਂ ਜਾ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਅਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ 1 ਅਕਤੂਬਰ 2025 ਨੂੰ ਦੁਪਹਿਰ 12:30 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਬੁਲਾਈ ਹੈ।

ਇਸ ਸਬੰਧੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਏਆਈ ਤਕਨੀਕ ਦੀ ਹੋ ਰਹੀ ਦੁਰਵਰਤੋਂ ਬੇਹੱਦ ਸੰਜੀਦਾ ਮਾਮਲਾ ਹੈ। ਇਸ ਰਾਹੀਂ ਕੁਝ ਲੋਕਾਂ ਵੱਲੋਂ ਜਿਥੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ, ਉਥੇ ਹੀ ਫਿਰਕਿਆਂ ਅੰਦਰ ਟਕਰਾਅ ਵਾਲਾ ਮਾਹੌਲ ਵੀ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ "ਤੇ ਰੋਕ ਲਗਾਉਣੀ ਬੇਹੱਦ ਜ਼ਰੂਰੀ ਹੈ। ਭਾਵੇਂ ਕਿ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪੁਲਸ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾਂਦੀਆਂ ਹਨ ਅਤੇ ਆਈਟੀ ਵਿਭਾਗ ਰਾਹੀਂ ਸਬੰਧਤ ਸੋਸ਼ਲ ਮੀਡੀਆ ਮੰਚਾਂ ’ਤੇ ਕਾਰਵਾਈ ਵੀ ਕਰਵਾਈ ਜਾਂਦੀ ਹੈ, ਪਰ ਇਸ ਗ਼ਲਤ ਰੁਝਾਨ ਨੂੰ ਰੋਕਣ ਲਈ ਇਸ ਖੇਤਰ ਦੇ ਮਾਹਿਰਾਂ ਤੋਂ ਸੁਝਾਅ ਤੇ ਵਿਚਾਰ ਪ੍ਰਾਪਤ ਕਰਕੇ ਇਕ ਠੋਸ ਨੀਤੀ ਬਨਾਉਣੀ ਲਾਜ਼ਮੀ ਹੈ। ਇਸੇ ਮਕਸਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਏਆਈ ਖੇਤਰ ਵਿਚ ਕੰਮ ਕਰ ਰਹੇ ਲੋਕਾਂ, ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਇਕ ਜ਼ਰੂਰੀ ਇਕੱਤਰਤਾ 1 ਅਕਤੂਬਰ ਨੂੰ ਸੱਦੀ ਹੈ। ਉਨ੍ਹਾਂ ਏਆਈ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਝਾਅ ਸ਼੍ਰੋਮਣੀ ਕਮੇਟੀ ਦੀ ਈਮੇਲ info@sgpc.net ’ਤੇ 1 ਅਕਤੂਬਰ ਤੋਂ ਪਹਿਲਾਂ-ਪਹਿਲਾਂ ਭੇਜਣ, ਤਾਂ ਜੋ ਇਸ ਇਕੱਤਰਤਾ ਵਿਚ ਵਿਚਾਰੇ ਜਾ ਸਕਣ।


author

Inder Prajapati

Content Editor

Related News