ਪਿੰਡਾਂ ''ਚ ਮਿਸ਼ਨ ਫ਼ਤਿਹ ਦੀ ਅਗਵਾਈ ਕਰਨਗੇ ਪੰਚ-ਸਰਪੰਚ : ਮੂਧਲ
Tuesday, Jun 16, 2020 - 05:45 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਵਿਡ-19 ਦੇ ਵੱਧ ਰਹੇ ਖ਼ਤਰੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਵਧਾਨੀਆਂ ਦਾ ਪਾਲਣ ਕਰਨ ਲਈ ਪੰਚਾਂ-ਸਰਪੰਚਾਂ ਨੂੰ ਘਰ-ਘਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਉਲੀਕੀ ਗਈ ਰਣਨੀਤੀ ਦੇ ਇਸ ਪੜਾਅ ਦੀ ਸ਼ੁਰੂਆਤ ਅਜਨਾਲਾ ਬਲਾਕ ਵਿਚ ਰਸਮੀ ਪ੍ਰੋਗਰਾਮ ਕਰਕੇ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਰਣਧੀਰ ਸਿੰਘ ਮੂਧਲ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰੇਕ ਪਿੰਡ ਵਾਸੀ ਨੂੰ ਕੋਵਿਡ ਦੇ ਖ਼ਤਰੇ ਤੋਂ ਚੌਕਸ ਕਰਕੇ ਕੋਵਿਡ ਦੇ ਪਸਾਰ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵੇਲੇ ਪੰਜਾਬ ਦੇ ਹਰ ਨਾਗਰਿਕ ਨੂੰ ਕੋਰੋਨਾ ਨੂੰ ਰੋਕਣ ਲਈ ਮਾਸਕ, ਆਪਸੀ ਦੂਰੀ, ਹੱਥਾਂ ਦੀ ਸਫਾਈ ਰੱਖਣ ਵਰਗੇ ਜ਼ਰੂਰੀ ਮਾਪਦੰਡ ਅਪਨਾਉਣ ਦਾ ਪਤਾ ਹੈ ਪਰ ਕਰਫਿਊ ਤੋਂ ਬਾਅਦ ਦਿੱਤੀ ਢਿੱਲ ਕਾਰਨ ਲੋਕ ਲਾਪਰਵਾਹ ਹੋ ਗਏ ਹਨ, ਉਨ੍ਹਾਂ ਨੂੰ ਦੁਬਾਰਾ ਸੰਭਾਵੀ ਖ਼ਤਰੇ ਤੋਂ ਜਾਣੂੰ ਕਰਵਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ।
ਮੂਧਲ ਨੇ ਦੱਸਿਆ ਕਿ ਅੱਜ ਅਜਨਾਲਾ ਬਲਾਕ ਵਿਚ ਕੀਤੇ ਪ੍ਰੋਗਰਾਮ ਵਿਚ ਸਰਪੰਚਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਨਾਲ ਹੀ ਆਪਣੇ-ਆਪਣੇ ਪਿੰਡ ਨੂੰ ਕੋਵਿਡ ਦੇ ਖ਼ਤਰੇ ਤੋਂ ਦੂਰ ਰੱਖਣ ਦੀ ਅਪੀਲ ਕਰਦੇ ਕਿਹਾ ਹੈ ਕਿ ਉਹ ਆਪਣੇ ਪਿੰਡ ਦੇ ਹਰ ਨਾਗਰਿਕ ਨੂੰ ਮਾਸਕ ਪਾਉਣੇ, ਆਪਸੀ ਦੂਰੀ ਰੱਖਣ ਅਤੇ ਹੱਥਾਂ ਦੀ ਸਫਾਈ ਕਰਦੇ ਰਹਿਣਾ ਜ਼ਰੂਰੀ ਬਨਾਉਣ ਕਿਉਂਕਿ ਕਿਸੇ ਇਕ ਪਿੰਡ ਵਾਸੀ ਦੇ ਕੋਵਿਡ ਤੋਂ ਪ੍ਰਭਾਵਿਤ ਹੋਣ ਕਾਰਨ ਕਈ ਪਰਿਵਾਰ ਕੋਰੋਨਾ ਦੇ ਖਤਰੇ ਵਿਚ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਪਹੁੰਚ ਆਪਣੇ ਪਿੰਡਾਂ ਵਿਚ ਹੋਣ ਕਾਰਨ ਇਸ ਬਹੁਤ ਹੀ ਮਹੱਤਵਪੂਰਨ ਕੰਮ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਸਿਰਫ ਇਕ ਦਿਨ ਇਸ ਕੰਮ ਵਿਚ ਲਗਾ ਕੇ ਉਹ ਸਾਰੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਇਹ ਸੁਨੇਹਾ ਦੇਣ। ਮੂਧਲ ਨੇ ਕਿਹਾ ਕਿ ਅੱਜ ਲੋੜ ਹੈ ਕਿ ਲੋਕ ਕੋਰੋਨਾ ਤੋਂ ਬਚਣ ਦਾ ਹਰ ਉਹ ਉਪਾਅ ਕਰਨ ਜੋ ਕਿ ਸਿਹਤ ਵਿਭਾਗ ਵੱਲੋਂ ਦਰਸਾਇਆ ਜਾ ਰਿਹਾ ਹੈ।