ਮਿਸ਼ਨ ਕਲੀਨ ਜਲੰਧਰ ਨੇ ਲਾਇਬਰੇਰੀ ਰੋਡ ਨੂੰ ਸਜਾਇਆ-ਸੁਆਰਿਆ

Tuesday, Jan 02, 2018 - 10:50 AM (IST)

ਮਿਸ਼ਨ ਕਲੀਨ ਜਲੰਧਰ ਨੇ ਲਾਇਬਰੇਰੀ ਰੋਡ ਨੂੰ ਸਜਾਇਆ-ਸੁਆਰਿਆ

ਜਲੰਧਰ (ਖੁਰਾਣਾ)— ਕਾਫੀ ਸਾਲ ਪਹਿਲਾਂ ਸ਼ਹਿਰ ਨੂੰ ਸਾਫ-ਸੁਥਰਾ ਤੇ ਸੋਹਣਾ ਬਣਾਉਣ ਦੇ ਮਕਸਦ ਨਾਲ ਗਠਿਤ ਹੋਈ ਗੈਰ-ਸਰਕਾਰੀ ਸੰਸਥਾ ਮਿਸ਼ਨ ਕਲੀਨ ਜਲੰਧਰ ਨੇ ਆਪਣੇ ਪਹਿਲੇ ਪ੍ਰਾਜੈਕਟ ਦੀ ਸ਼ੁਰੂਆਤ ਨਾਮਦੇਵ ਚੌਕ ਦੇ ਨੇੜੇ ਸਥਿਤ ਗੁਰੂ ਨਾਨਕ ਲਾਇਬਰੇਰੀ ਤੋਂ ਕੀਤੀ ਸੀ। ਸੰਸਥਾ ਨੇ ਲਾਇਬਰੇਰੀ ਅੰਦਰ ਜਾਣ ਵਾਲੇ ਏਰੀਏ ਨੂੰ ਸਾਫ-ਸੁਥਰਾ ਕਰਕੇ ਸੋਹਣਾ ਬਣਾਇਆ ਸੀ। ਹੁਣ ਇਕ ਵਾਰ ਫਿਰ ਸੰਸਥਾ ਨੇ ਲਾਇਬਰੇਰੀ ਰੋਡ ਨੂੰ ਸਜਾਉਣ-ਸੁਆਰਨ ਦਾ ਪ੍ਰਾਜੈਕਟ ਹੱਥਾਂ ਵਿਚ ਲਿਆ ਹੈ। ਸੰਸਥਾ ਦੇ ਸਵੈਮ ਸੇਵਕਾਂ ਨੇ ਲਗਾਤਾਰ ਤਿੰਨ ਐਤਵਾਰ ਲਾ ਕੇ ਆਪਣੇ ਹੱਥੀਂ ਇਸ ਸੜਕ ਨੂੰ ਕਾਫੀ ਹੱਦ ਤੱਕ ਸੁਆਰ ਦਿੱਤਾ ਹੈ।
ਸੰਸਥਾ ਦੇ ਸੰਸਥਾਪਕ ਮੈਂਬਰ ਟੀਨੂੰ ਲੂਥਰਾ ਨੇ ਦੱਸਿਆ ਕਿ ਲਾਇਬਰੇਰੀ ਨੂੰ ਜਾਣ ਵਾਲੀ ਸੜਕ 'ਤੇ ਕਾਫੀ ਕੂੜਾ ਤੇ ਮਲਬਾ ਜਮ੍ਹਾ ਹੋਣ ਲੱਗਾ ਸੀ। ਪਹਿਲਾਂ ਉਥੇ ਸਾਫ-ਸਫਾਈ ਕੀਤੀ ਗਈ ਤੇ ਬਾਹਰਲੀ ਕੰਧ ਨੂੰ ਰੰਗ-ਰੋਗਨ ਕੀਤਾ ਗਿਆ। ਉਸ ਤੋਂ ਬਾਅਦ ਉਥੇ ਕਿਆਰੀ ਬਣਾ ਕੇ 10 ਬੂਟੇ ਲਾਏ ਗਏ ਜੋ ਬਾਅਦ ਵਿਚ ਰੁੱਖ ਬਣ ਜਾਣਗੇ। 

PunjabKesari
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ। ਫਿਲਹਾਲ ਅੱਧਾ ਪ੍ਰਾਜੈਕਟ ਪੂਰਾ ਹੋਇਆ ਹੈ ਤੇ ਬਾਕੀ ਰਹਿੰਦਾ ਕੰਮ ਆਉਣ ਵਾਲੇ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ। ਟੀਨੂੰ ਲੂਥਰਾ ਨੇ ਦੱਸਿਆ ਕਿ ਇਸ ਸੜਕ 'ਤੇ ਕਾਫੀ ਟੈਕਸੀ ਸਟੈਂਡ ਬਣੇ ਹੋਏ ਹਨ, ਜਿਨ੍ਹਾਂ ਨੂੰ ਉਥੇ ਯੂਰੀਨਲ ਬਣਾਉਣ ਲਈ ਕਿਹਾ ਗਿਆ ਹੈ ਕਿਉਂਕਿ ਵਧੇਰੇ ਕਰਕੇ ਲੋਕ ਇਸ ਕੰਮ ਲਈ ਲਾਇਬਰੇਰੀ ਦੀ ਕੰਧ ਨੂੰ ਹੀ ਵਰਤੋਂ ਵਿਚ ਲਿਆ ਰਹੇ ਹਨ। ਟੈਕਸੀ ਸਟੈਂਡ ਵਾਲਿਆਂ ਨੇ ਇਸ ਮਾਮਲੇ ਵਿਚ ਸਹਿਯੋਗ ਦਾ ਭਰੋਸਾ ਦਿੱਤਾ ਹੈ।

PunjabKesari
ਹਿੱਸਾ ਲੈਣ ਵਾਲੇ ਵਰਕਰਾਂ 'ਚ ਰਾਘਵ ਚੌਹਾਨ, ਅਨਿਕ ਰਹੇਜਾ, ਦਿਵਿਆਂਸ਼ੂ ਬੱਸੀ, ਗੀਤਾ ਅਰੋੜਾ, ਭੁਪਿੰਦਰ ਬੰਗਾ, ਟੀਨੂੰ ਲੂਥਰਾ, ਪ੍ਰਵੀਨ ਕੁਮਾਰ, ਸੰਦੀਪ ਸ਼ਰਮਾ, ਆਸ਼ੀਸ਼ ਚੋਪੜਾ, ਹਰਵਿੰਦਰ ਸਿੰਘ, ਪਾਰਵੀ ਗੁਪਤਾ, ਸੰਜੀਵ, ਰਮਨੀਕ ਬਾਵਾ ਸ਼ਾਮਲ ਸਨ।


Related News