ਅਮਰੀਕਾ ਗਏ 6 ਨੌਜਵਾਨਾਂ ਦਾ ਨਹੀਂ ਮਿਲਿਆ ਕੋਈ ਸੁਰਾਗ, ਪਰਿਵਾਰ ਵਾਲੇ ਦੇਖਣ ਨੂੰ ਤਰਸੇ
Wednesday, Dec 06, 2017 - 06:11 PM (IST)

ਜਲੰਧਰ/ਹੁਸ਼ਿਆਰਪੁਰ— ਟ੍ਰੈਵਲ ਏਜੰਟਾਂ ਰਾਹੀਂ 6 ਮਹੀਨੇ ਪਹਿਲਾਂ ਅਮੀਰਕਾ ਗਏ 6 ਨੌਜਵਾਨਾਂ ਦਾ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਲ ਆਖਰੀ ਵਾਰ ਗੱਲ 2 ਅਗਸਤ ਨੂੰ ਹੋਈ ਸੀ। ਇਕ ਨੌਜਵਾਨ ਦੇ ਪਿਤਾ ਫੌਜ 'ਚ ਸੂਬੇਦਾਰ ਹਨ ਜਦਕਿ ਦੂਜੇ ਦੇ ਪਿਤਾ ਇਟਲੀ 'ਚ ਸੈਟਲ ਹਨ। ਅਮਰੀਕਾ ਜਾਣ ਲਈ ਉਨ੍ਹਾਂ ਨੇ ਏਜੰਟਾਂ ਨੂੰ 35 ਲੱਖ ਰੁਪਏ ਦਿੱਤੇ ਸਨ। ਬਾਹਮਾਸ ਦੇ ਫ੍ਰੀ ਪੋਰਟ 'ਚ ਪਹੁੰਚਣ ਤੋਂ ਬਾਅਦ ਪਰਿਵਾਰ ਦੀ ਬੇਟਿਆਂ ਦੇ ਨਾਲ ਗੱਲ ਨਹੀਂ ਹੋਈ। ਪੁਲਸ ਨੂੰ ਸ਼ਿਕਾਇਤ ਦੇ 2 ਮਹੀਨੇ ਬੀਤਣ ਦੇ ਬਾਅਦ ਵੀ ਪੁਲਸ ਏਜੰਟ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਏ. ਐੱਸ. ਆਈ. ਸੁਖਵਿੰਦਰ ਸਿੰਘ ਮੁਤਾਬਕ ਏਜੰਟ ਫਰਾਰ ਹੈ। ਇਸ ਮਾਮਲੇ 'ਚ ਭੁਲੱਥ, ਅੰਮ੍ਰਿਤਸਰ, ਮੁਕੇਰੀਆਂ, ਗੁਰਦਾਸਪੁਰ 'ਚ ਟ੍ਰੈਵਲ ਏਜੰਟਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਸ਼ਮਾ ਸਵਰਾਜ ਤੱਕ ਸਾਡੀ ਆਵਾਜ਼ ਜਾਵੇਗੀ ਤਾਂਕਿ ਉਨ੍ਹਾਂ ਦੇ ਬੱਚੇ ਆਪਣੇ ਵਤਨ ਅਤੇ ਘਰ ਵਾਪਸ ਆ ਸਕਣ।
ਮੰਗਲਵਾਰ ਨੂੰ ਪ੍ਰੈੱਸ ਕਲੱਬ 'ਚ ਸੂਬੇਦਾਰ ਸ਼ਮਸ਼ੇਰ ਸਿੰਘ ਦੇ ਨਾਲ ਆਏ ਪਰਿਵਾਰਾਂ ਨੇ ਜਲਦ ਇਨਸਾਫ ਦਿਵਾਉਣ ਦੀ ਗੁਹਾਰ ਲਗਾਈ ਹੈ। ਸੂਬੇਦਾਰ ਨੇ ਦੱਸਿਆ ਕਿ ਬੇਟਾ ਇੰਦਰਜੀਤ ਸਿੰਘ (22) ਮਈ 'ਚ ਸੁਖਵਿੰਦਰ ਸਿੰਘ ਨਾਲ ਮਿਲਿਆ ਸੀ। ਉਹ ਉਨ੍ਹਾਂ ਦੇ ਪਿੰਡ ਅਬਦੁੱਲਾਪੁਰ ਦੇ ਨਾਲ ਹੀ ਪਿੰਡ 'ਚ ਰਹਿੰਦਾ ਹੈ। ਸਰਬਜੀਤ ਸਿੰਘ ਨੂੰ 3 ਜੂਨ ਨੂੰ ਇੰਦਰਜੀਤ ਦੇ ਨਾਲ ਅਮਰੀਕਾ ਭੇਜਿਆ ਸੀ। ਟ੍ਰੈਵਲ ਏਜੰਟ ਪੰਜਾਬ ਪੁਲਸ 'ਚ ਏ. ਐੱਸ. ਆਈ. ਸੁਖਵਿੰਦਰ ਸਿੰਘ ਹੈ, ਜਿਸ ਨੇ ਸਾਨੂੰ ਝਾਂਸੇ 'ਚ ਲੈ ਕੇ ਸਾਡੇ ਤੋਂ 35-35 ਲੱਖ ਰੁਪਏ ਲੈ ਲਏ। ਜਰਨੈਲ ਸਿੰਘ ਮੁਤਾਬਕ ਭੁਲੱਥ ਦੇ ਨਵਦੀਪ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਸਰ ਦੇ ਜਤਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਗੁਰਦੀਪ ਸਿੰਘ ਫਰਵਰੀ 'ਚ ਵੀਜ਼ਾ ਲਗਵਾ ਕੇ ਅਮਰੀਕਾ ਗਏ ਸਨ। ਉਨ੍ਹਾਂ ਦਾ ਕੰਮ ਵੀ ਸੁਖਵਿੰਦਰ ਸਿੰਘ ਅਤੇ ਭੁਲੱਥ ਦੇ ਰਣਜੀਤ ਸਿੰਘ ਰਾਣਾ ਨੇ ਕਰਵਾਇਆ ਸੀ। ਪੁਲਸ ਨੇ ਪਰਚਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਪੁਲਸ ਉਨ੍ਹਾਂ ਨੂੰ ਫੜ ਨਹੀਂ ਸਕੀ ਹੈ। ਇਸ ਸਬੰਧ 'ਚ ਉਨ੍ਹਾਂ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ, ਐੱਸ. ਐੱਸ. ਪੀ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਵੀ ਸ਼ਿਕਾਇਤ ਦਿੱਤੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਵਾਪਸ ਵਤਨ ਲਿਆਂਦਾ ਜਾਵੇ।