ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਹਰਨਾਜ਼ ਸੰਧੂ ਪਰਤੀ ਭਾਰਤ, ਤਿਰੰਗਾ ਫੜ ਕਿਹਾ 'ਚੱਕ ਤੇ ਫੱਟੇ'
Thursday, Dec 16, 2021 - 11:34 AM (IST)
 
            
            ਚੰਡੀਗੜ੍ਹ (ਬਿਊਰੋ) - ਦੇਸ਼ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ 'ਮਿਸ ਯੂਨੀਵਰਸ 2021' ਦੀ ਜੇਤੂ ਹਰਨਾਜ਼ ਕੌਰ ਸੰਧੂ Harnaaz Sandhu ਬੁੱਧਵਾਰ ਨੂੰ ਭਾਰਤ ਪਰਤ ਆਈ ਹੈ। ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਰਾਤ ਵਿਦੇਸ਼ ਤੋਂ ਮੁੰਬਈ ਪਹੁੰਚੀ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ।
ਇਸ ਦੌਰਾਨ ਹਰਨਾਜ਼ ਸੰਧੂ ਦਾ ਪਰਿਵਾਰ ਵੀ ਮੁੰਬਈ ਏਅਰਪੋਰਟ ਪਹੁੰਚਿਆ ਸੀ। ਭਾਰਤ ਦੀ ਧਰਤੀ 'ਤੇ ਕਦਮ ਰੱਖਦਿਆਂ ਹੀ ਹਰਨਾਜ਼ ਸੰਧੂ ਨੇ ਕਿਹਾ 'ਚੱਕ ਤੇ ਫੱਟੇ'। ਤਿਰੰਗਾ ਫੜ੍ਹੀ ਹਰਨਾਜ਼ ਨੇ ਸਾਰਿਆਂ ਦਾ ਹੱਥ ਜੋੜ ਕੇ ਪਿਆਰ ਕਬੂਲਿਆ।

ਦੱਸ ਦੇਈਏ ਕਿ 13 ਦਸੰਬਰ ਨੂੰ ਇਜ਼ਰਾਈਲ ਦੇ ਇਲਾਟ 'ਚ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਮਿਸ ਯੂਨੀਵਰਸ ਦਾ 70ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਸੀ, ਜਿੱਥੇ 21 ਸਾਲਾ ਦੀ ਪੰਜਾਬੀ ਕੁੜੀ ਹਰਨਾਜ਼ ਕੌਰ ਸੰਧੂ ਨੇ ਇਹ ਖਿਤਾਬ ਆਪਣੇ ਨਾਂ ਕਰਨ 'ਚ ਕਾਮਯਾਬ ਰਹੀ ਹੈ। ਪੰਜਾਬ ਦੀ ਹਰਨਾਜ਼ ਸੰਧੂ ਨੇ ਸੋਮਵਾਰ ਨੂੰ 79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ।

ਹਰਨਾਜ਼ ਤੋਂ ਪਹਿਲਾਂ ਇਨ੍ਹਾਂ ਦੋ ਸੁੰਦਰੀਆਂ ਨੇ ਜਿੱਤਿਆ 'ਮਿਸ ਯੂਨੀਵਰਸ' ਦਾ ਖਿਤਾਬ
ਦੱਸ ਦੇਈਏ ਕਿ 21 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਨੂੰ ਇਹ ਖਿਤਾਬ ਮਿਲਿਆ ਹੈ। ਹਰਨਾਜ਼ ਕੌਰ ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਔਰਤਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ 1994 'ਚ ਅਤੇ ਲਾਰਾ ਦੱਤਾ ਨੂੰ 2000 'ਚ ਤਾਜ ਪਹਿਨਾਇਆ ਗਿਆ ਸੀ। ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਉਨ੍ਹਾਂ ਨੇ 17 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ ਸੀ।

ਟੌਪ 3 'ਚ ਰਹੀਆਂ ਇਹ ਹਸੀਨਾਵਾਂ
1. ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ 'ਤੇ
2. ਮਿਸ ਪਰਾਗਵੇ ਦੂਜੇ ਸਥਾਨ 'ਤੇ ਰਹੀ
3. ਮਿਸ ਸਾਊਥ ਅਫਰੀਕਾ ਤੀਜੇ ਸਥਾਨ 'ਤੇ ਰਹੀ।

ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਹਰਨਾਜ਼ ਸੰਧੂ
ਦੱਸ ਦੇਈਏ ਕਿ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਸ ਸਾਲ ਇਜ਼ਰਾਈਲ 'ਚ ਹੋਇਆ ਸੀ। ਇਸ ਮੁਕਾਬਲੇ ਦੇ ਮੁੱਢਲੇ ਪੜਾਅ 'ਚ 75 ਤੋਂ ਵੱਧ ਸੁੰਦਰ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਸਭ ਨੂੰ ਹਰਾ ਕੇ ਹਰਨਾਜ਼ ਸੰਧੂ ਨੇ 'ਮਿਸ ਯੂਨੀਵਰਸ' ਦਾ ਤਾਜ ਆਪਣੇ ਨਾਂ ਕੀਤਾ। ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਦਾ ਜਨਮ ਇਕ ਸਿੱਖ ਪਰਿਵਾਰ 'ਚ ਹੋਇਆ ਸੀ। ਹਰਨਾਜ਼ ਫਿਟਨੈੱਸ ਅਤੇ ਯੋਗਾ ਪ੍ਰੇਮੀ ਹੈ। ਸਾਲ 2017 'ਚ ਉਹ 'ਟਾਈਮਜ਼ ਫਰੈੱਸ਼ ਫੇਸ ਮਿਸ ਚੰਡੀਗੜ੍ਹ' ਬਣੀ। ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਆਪਣੇ ਕਰੀਅਰ 'ਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ 'ਚ 2018 'ਚ 'ਮਿਸ ਮੈਕਸ ਐਮਰਜਿੰਗ ਸਟਾਰ', ਸਾਲ 2019 'ਚ 'ਫੈਮਿਨਾ ਮਿਸ ਇੰਡੀਆ ਪੰਜਾਬ' ਅਤੇ ਸਾਲ 2021 'ਚ 'ਮਿਸ ਯੂਨੀਵਰਸ ਇੰਡੀਆ' ਦਾ ਖਿਤਾਬ ਸ਼ਾਮਲ ਹੈ।

1 ਮਹੀਨੇ 'ਚ ਖ਼ੁਦ ਨੂੰ ਕੀਤਾ ਇਸ ਪ੍ਰਤੀਯੋਗਤਾ ਲਈ ਤਿਆਰ
ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਆਪਣੀ ਵੱਡੀ ਚੁਣੌਤੀ ਬਾਰੇ ਗੱਲ ਕਰਦੇ ਹੋਏ ਹਰਨਾਜ਼ ਨੇ ਕਿਹਾ, ''ਮੇਰੇ ਅਤੇ ਮੇਰੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੇਰੀ ਜਿੱਤ (ਲਿਵਾ ਮਿਸ ਦੀਵਾ ਯੂਨੀਵਰਸ 2021 ਵਜੋਂ) ਤੋਂ ਬਾਅਦ, ਸਾਡੇ ਕੋਲ ਮਿਸ ਯੂਨੀਵਰਸ ਦੀ ਤਿਆਰੀ ਲਈ ਸਿਰਫ ਇੱਕ ਮਹੀਨਾ ਸੀ। ਇੰਨੇ ਘੱਟ ਸਮੇਂ 'ਚ ਮੈਨੂੰ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ। ਟੀਮ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            