ਨਾਬਾਲਗਾ ਨਾਲ ਸਰੀਰਕ ਸਬੰਧ ਬਣਾ ਕੇ ਕੀਤਾ ਗਰਭਵਤੀ, ਹੁਣ ਗਰਭਪਾਤ ਲਈ ਪਾ ਰਿਹੈ ਦਬਾਅ

Saturday, Apr 10, 2021 - 01:58 PM (IST)

ਨਾਬਾਲਗਾ ਨਾਲ ਸਰੀਰਕ ਸਬੰਧ ਬਣਾ ਕੇ ਕੀਤਾ ਗਰਭਵਤੀ, ਹੁਣ ਗਰਭਪਾਤ ਲਈ ਪਾ ਰਿਹੈ ਦਬਾਅ

ਭਵਾਨੀਗੜ੍ਹ (ਵਿਕਾਸ): ਨੇੜਲੇ ਪਿੰਡ ਵਿਖੇ ਆਪਣੀ ਮਾਸੀ ਦੇ ਘਰ ਰਹਿੰਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਹਵਸ ਦਾ ਸ਼ਿਕਾਰ ਬਣਾਉਣ ਦੇ ਮਾਮਲੇ 'ਚ ਪੁਲਸ ਨੇ ਇੱਕ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ 16 ਸਾਲਾ ਨਾਬਾਲਗਾ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੀ ਮਾਸੀ ਦੇ ਘਰ (ਭਵਾਨੀਗੜ੍ਹ ਨੇੜਲੇ ਇੱਕ ਪਿੰਡ) ਵਿਖੇ ਰਹਿੰਦੀ ਹੈ ਤੇ ਆਜ਼ਮ ਖਾਨ ਵਾਸੀ ਮਾਲੇਰਕੋਟਲਾ ਨਾਲ ਇੰਸਟਾਗ੍ਰਾਮ ਰਾਹੀਂ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ।ਕੁੜੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਦੇ ਮਾਸੜ ਦੇ ਘਰ ਮਾਸੜ ਦੀ ਗੈਰ ਮੌਜੂਦਗੀ 'ਚ ਉਸ ਦੇ ਰੋਕਣ ਦੇ ਬਾਵਜੂਦ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾ ਲਏ ਸੀ। ਜਦੋਂ ਪੀੜਤ ਕੁੜੀ ਆਪਣੀ ਮਾਂ ਨੂੰ ਮਿਲਣ ਮਲੇਰਕੋਟਲੇ ਗਈ ਤਾਂ ਉੱਥੇ ਵੀ ਉਕਤ ਵਿਅਕਤੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ, ਜਿਸ ਦੌਰਾਨ ਉਹ ਗਰਭਵਤੀ ਹੋ ਗਈ। ਪੀੜਤ ਕੁੜੀ ਮੁਤਾਬਕ ਬੀਤੀ 29 ਮਾਰਚ ਨੂੰ ਜਦੋਂ ਉਸ ਨੇ ਆਜਮ ਖਾਨ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਉਕਤ ਵਿਅਕਤੀ ਨੇ ਵਿਆਹ ਤੋਂ ਮਨ੍ਹਾ ਕਰਦਿਆਂ ਕਿਹਾ ਕਿ ਮੇਰੇ ਮਾਂ ਬਾਪ ਨੇ ਸਾਨੂੰ ਘਰ 'ਚ ਨਹੀਂ ਰੱਖਣਾ।

ਇਹ ਵੀ ਪੜ੍ਹੋ:  ਲੱਖਾ ਸਿਧਾਣਾ ਦੀ ਨੌਜਵਾਨਾਂ ਨੂੰ ਵੰਗਾਰ, ਆਉਣ ਵਾਲੀਆਂ ਨਸਲਾਂ ਲਈ ਮੋਰਚੇ 'ਚ ਹੋਵੋ ਸ਼ਾਮਲ

ਇਸ ਲਈ ਘਰ ਦਾ ਇੰਤਜਾਮ ਕਰਨ ਲਈ ਉਹ ਪੀੜਤਾ ਤੋਂ 5 ਲੱਖ ਰੁਪਏ ਦੀ ਮੰਗ ਕਰਨ ਲੱਗਾ। ਜਿਸ 'ਤੇ ਪੀੜਤਾ ਨੇ ਅਪਣੀ ਮਾਸੀ ਦੇ ਘਰ ਪਏ 4.15 ਲੱਖ ਰੁਪਏ ਆਜ਼ਮ ਖਾਨ ਨੂੰ ਦੇ ਦਿੱਤੇ। ਫਿਰ ਆਜ਼ਮ ਖਾਨ ਬਾਅਦ ਵਿੱਚ ਹੋਰ ਪੈਸਿਆ ਦੀ ਮੰਗ ਕਰਨ ਲੱਗ ਪਿਆ ਤਾਂ ਕੁੜੀ ਵੱਲੋਂ ਪੈਸੇ ਦੇਣ ਲਈ ਇਨਕਾਰ ਕਰਨ 'ਤੇ ਆਜ਼ਮ ਖਾਨ ਨੇ ਉਸ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤੇ ਪੇਟ 'ਚ ਪਲ ਰਹੇ ਬੱਚੇ ਨੂੰ ਆਬਰਸ਼ਨ ਕਰਾਉਣ ਬਾਰੇ ਕਹਿਣ ਲੱਗਾ। ਪੀੜਤ ਕੁੜੀ ਨੇ ਸਾਰੀ ਗੱਲਬਾਤ ਅਪਣੀ ਮਾਸੀ ਨੂੰ ਦੱਸੀ ਜਿਸ ਤੋਂ ਬਾਅਦ ਪੇਟ 'ਚ ਦਰਦ ਹੋਣ ਦੇ ਚੱਲਦਿਆਂ ਕੁੜੀ ਨੂੰ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਆਜ਼ਮ ਖਾਨ ਖਿਲਾਫ਼ ਪੋਕਸੋ ਐਕਟ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ:   14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)


author

Shyna

Content Editor

Related News