ਮੁੱਖ ਮੰਤਰੀ ਖਿਲਾਫ਼ ਲਾਮਬੰਦ ਹੋਏ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ

Wednesday, May 19, 2021 - 02:25 AM (IST)

ਮੁੱਖ ਮੰਤਰੀ ਖਿਲਾਫ਼ ਲਾਮਬੰਦ ਹੋਏ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ

ਚੰਡੀਗੜ੍ਹ, (ਅਸ਼ਵਨੀ)- ਪੰਜਾਬ ਦੇ ਕਈ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਹੁਣ ਖੁਲ੍ਹ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਲਾਮਬੰਦ ਹੋ ਗਏ ਹਨ। ਮੰਗਲਵਾਰ ਨੂੰ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ’ਤੇ ਦਰਜਨ ਭਰ ਕਾਂਗਰਸੀ ਨੇਤਾਵਾਂ ਨੇ ਬੈਠਕ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਸੁਖਜਿੰਦਰ ਸਿੰਘ ਰੰਧਾਵਾ ਸਮੇਤ 5 ਮੰਤਰੀ, ਪਰਗਟ ਸਿੰਘ ਸਹਿਤ 7 ਵਿਧਾਇਕ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਵੀ ਅਜਿਹੀ ਹੀ ਲਾਮਬੰਦੀ ਦੇਖਣ ਨੂੰ ਮਿਲੀ ਸੀ, ਜਦੋਂ ਕਰੀਬ 7 ਮੰਤਰੀਆਂ ਨੇ ਮੁੱਖ ਮੰਤਰੀ ਦਾ ਸਮਰਥਨ ਕੀਤਾ ਸੀ। ਉਦੋਂ ਮੰਤਰੀ ਬ੍ਰਹਮਾ ਮੋਹਿੰਦਰਾ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਮ ਅਰੋੜਾ, ਬਲਬੀਰ ਸਿੰਘ ਸਿਧੂ, ਗੁਰਪ੍ਰੀਤ ਸਿੰਘ ਕਾਂਗੜ, ਵਿਜੇਇੰਦਰ ਸਿੰਗਲਾ ਅਤੇ ਭਰਤ ਭੂਸ਼ਣ ਆਸ਼ੂ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਾਂਗਰਸ ਹਾਈਕਮਾਨ ਨੂੰ ਸਿੱਧੂ ਨੂੰ ਸਸਪੈਂਡ ਕਰਨ ਦਾ ਸੱਦਾ ਦਿੱਤਾ ਸੀ। ਉਥੇ ਹੀ, ਹੁਣ ਪੰਜਾਬ ਕਾਂਗਰਸ ਦਾ ਇਕ ਧੜਾ ਸਿੱਧੇ ਤੌਰ ’ਤੇ ਮੁੱਖ ਮੰਤਰੀ ਖਿਲਾਫ਼ ਖੜ੍ਹਾ ਹੋ ਗਿਆ ਹੈ।

 

ਇਹ ਵੀ ਪੜ੍ਹੋ- ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ : ਬੀਬੀ ਜਗੀਰ ਕੌਰ

ਚੰਨੀ ਦੇ ਘਰ ਹੋਈ ਬੈਠਕ ਦੌਰਾਨ ਇਨ੍ਹਾਂ ਨੇਤਾਵਾਂ ਨੇ ਪੰਜਾਬ ਦੀ ਜਾਂਚ ਏਜੰਸੀਆਂ ਦੇ ਗਲਤ ਇਸਤੇਮਾਲ ਨੂੰ ਮੰਦਭਾਗਾ ਦੱਸਿਆ। ਸਾਰੇ ਨੇਤਾਵਾਂ ਨੇ ਇਕਸੁਰ ਵਿਚ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਗਲਤ ਹਥਕੰਡੇ ਅਪਨਾ ਰਹੇ ਹਨ। ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ਼ ਵਿਜੀਲੈਂਸ ਜਾਂਚ ਨੂੰ ਤੂਲ ਦਿੱਤਾ ਗਿਆ ਅਤੇ ਬਾਅਦ ਵਿਚ ਨਵਜੋਤ ਸਿੱਧੂ ਦੇ ਕਰੀਬੀ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਨੇ ਫ਼ੋਨ ’ਤੇ ਧਮਕੀ ਦਿੱਤੀ। ਇਸੇ ਕੜੀ ਵਿਚ ਪੰਜਾਬ ਮਹਿਲਾ ਕਮਿਸ਼ਨ ਨੇ ਕਰੀਬ 3 ਸਾਲ ਪੁਰਾਣੇ ਮਾਮਲੇ ਵਿਚ ਅਚਾਨਕ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਨੋਟਿਸ ਜਾਰੀ ਕਰ ਦਿੱਤਾ। ਉਥੇ ਹੀ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਵੀ ਜੇਲ ਦੀਆਂ ਕੁੱਝ ਘਟਨਾਵਾਂ ਨੂੰ ਲੈ ਕੇ ਪੁਲਸ ਜਾਂਚ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਜਾਣ ਬੁੱਝ ਕੇ ਗਰਮਾਇਆ ਗਿਆ। ਇਨ੍ਹਾਂ ਨੇਤਾਵਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਅੰਦਰਖਾਤੇ ਹੀ ਇਸ ਤਰ੍ਹਾਂ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੋ ਜਾਵੇਗੀ ਤਾਂ ਪੰਜਾਬ ਵਿਚ ਸਥਿਤੀਆਂ ਵਿਸਫੋਟਕ ਹੋਣਗੀਆਂ, ਜਿਸ ਦਾ ਸਿੱਧਾ ਖਾਮਿਆਜਾ ਕਾਂਗਰਸ ਨੂੰ 2022 ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ-  ਬੇਅਦਬੀ ਕਾਂਡ ਸਬੰਧੀ ਨਵੀਂ ‘ਸਿੱਟ’ ਨੂੰ ਦੇਵਾਂਗੇ ਪੂਰਾ ਸਹਿਯੋਗ ਪਰ ਕੈਪਟਨ ਸਰਕਾਰ ’ਤੇ ਨਹੀਂ ਭਰੋਸਾ : ਦਾਦੂਵਾਲ

ਹਾਈਕਮਾਨ ਨੇ ਸੰਭਾਲਿਆ ਮੋਰਚਾ, ਮੰਤਰੀ ਚੰਨੀ ਨੇ ਟਾਲੀ ਪ੍ਰੈਸ ਕਾਨਫਰੰਸ:

ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ’ਤੇ ਹੁਣ ਕਾਂਗਰਸ ਹਾਈਕਮਾਨ ਨੇ ਸਿੱਧੀ ਨਜ਼ਰ ਟਿਕਾ ਲਈ ਹੈ। ਹਾਈਕਮਾਨ ਦੇ ਦਖਲ ਕਾਰਣ ਹੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਪ੍ਰਸਤਾਵਿਤ ਪ੍ਰੈੱਸ ਕਾਨਫਰੰਸ ਨੂੰ ਟਾਲ ਦਿੱਤਾ। ਚੰਨੀ ਨੇ ਮਹਿਲਾ ਕਮਿਸ਼ਨ ਦੇ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਬੁਲਾਈ ਸੀ। ਉੱਧਰ, ਹਾਈਕਮਾਨ ਦੇ ਨਿਰਦੇਸ਼ ’ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ’ਤੇ ਚੱਲ ਰਹੀ ਬੈਠਕ ਵਿਚ ਸ਼ਾਮਲ ਵਿਧਾਇਕਾਂ ਅਤੇ ਮੰਤਰੀਆਂ ਨਾਲ ਗੱਲਬਾਤ ਕੀਤੀ। ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸਾਰੇ ਮਾਮਲਿਆਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਉਹ ਖੁਦ ਪੰਜਾਬ ਦਾ ਦੌਰਾ ਕਰਨਗੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਮੌਜੂਦਾ ਹਾਲਾਤ ਨੂੰ ਲੈ ਕੇ ਕਾਫ਼ੀ ਫਿਕਰਮੰਦ ਹਨ। ਇਸ ’ਤੇ ਚੰਨੀ ਦੇ ਘਰ ਬੈਠਕ ਵਿਚ ਮੌਜੂਦ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਉਹ ਛੇਤੀ ਤੋਂ ਛੇਤੀ ਪੰਜਾਬ ਵਿਚ ਆ ਕੇ ਪੂਰੀ ਸਥਿਤੀ ਦਾ ਨੋਟਿਸ ਲੈਣ। ਨੇਤਾਵਾਂ ਨੇ ਰਾਵਤ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਤਮਾਮ ਵਿਧਾਇਕਾਂ ਦੇ ਨਾਲ ਇਕ-ਇਕ ਕਰ ਕੇ ਬੈਠਕ ਕਰਨ ਤਾਂ ਕਿ ਪੰਜਾਬ ਵਿਚ ਕਾਂਗਰਸ ਦੀ ਮੌਜੂਦਾ ਜ਼ਮੀਨੀ ਹਕੀਕਤ ਸਾਹਮਣੇ ਆ ਸਕੇ। ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿਚ ਵਿਧਾਨਸਭਾ ਚੋਣਾਂ ਆਉਣ ਵਾਲੀਆਂ ਹਨ ਤਾਂ ਹਾਈਕਮਾਨ ਨੂੰ ਹੁਣ ਪੂਰੀ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ।


author

Bharat Thapa

Content Editor

Related News