IGI ''ਚ ਭੀੜ ਘੱਟ ਕਰਨ ਲਈ ਸੂਚੀਬੱਧ ਕੀਤੇ 13 ਅੰਕ, ਮੰਤਰੀ VK ਸਿੰਘ ਵੱਲੋਂ MP ਅਰੋੜਾ ਦੇ ਸਵਾਲ ਦਾ ਜਵਾਬ
Monday, Dec 19, 2022 - 09:54 PM (IST)
ਲੁਧਿਆਣਾ (ਜੋਸ਼ੀ) : ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ (ਸੇਵਾਮੁਕਤ) ਨੇ ਅੱਜ ਰਾਜ ਸਭਾ ਵਿੱਚ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਇੱਕ ਸਵਾਲ ਦੇ ਜਵਾਬ 'ਚ ਦਿੱਲੀ ਵਿੱਚ ਆਈ.ਜੀ.ਆਈ ਦੀ ਭੀੜ ਘਟਾਉਣ ਲਈ 13 ਨੁਕਤੇ ਸੂਚੀਬੱਧ ਕੀਤੇ।ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਆਈ.ਜੀ.ਆਈ ਹਵਾਈ ਅੱਡੇ ਖਾਸ ਕਰਕੇ ਟਰਮੀਨਲ 3 ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਪੁੱਛਿਆ ਸੀ ਅਤੇ ਕੀ ਸੁਰੱਖਿਆ ਤੇ ਇਮੀਗ੍ਰੇਸ਼ਨ ਲਈ ਲੰਬੀ ਉਡੀਕ ਕਰਨੂ ਪੈਂਦੀ ਹੈ ਅਤੇ ਇਸ ਦੇ ਵੇਰਵੇ ਅਤੇ ਕਾਰਨਾਂ ਕੀ ਹਨ।
ਇਸ ਦੇ ਜਵਾਬ 'ਚ ਕੇਂਦਰੀ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ.ਕੇ ਸਿੰਘ (ਸੇਵਾਮੁਕਤ) ਨੇ ਆਈ.ਜੀ.ਆਈ ਹਵਾਈ ਅੱਡੇ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ ਚੁੱਕੇ ਗਏ 13 ਕਦਮਾਂ ਦੀ ਸੂਚੀ ਦਿੱਤੀ :
• ਵਾਹਨਾਂ ਦੀ ਭੀੜ ਤੋਂ ਬਚਣ ਲਈ ਰਵਾਨਗੀ ਖੇਤਰ ਵਿੱਚ ਵਾਧੂ ਟਰੈਫਿਕ ਮਾਰਸ਼ਲ ਤਾਇਨਾਤ ਕੀਤੇ ਗਏ ਹਨ।
• ਯਾਤਰੀਆਂ ਨੂੰ ਪਹਿਲਾਂ ਤੋਂ ਮਾਰਗਦਰਸ਼ਨ ਕਰਨ ਲਈ ਨਾਕਾ ਪੁਆਇੰਟ 'ਤੇ ਐਂਟਰੀ ਗੇਟ ਨੰਬਰ ਦੇ ਨਾਲ ਘੱਟੋ-ਘੱਟ ਉਡੀਕ ਸਮਾਂ ਪ੍ਰਦਰਸ਼ਿਤ ਕਰਨ ਵਾਲਾ ਬੋਰਡ ਲਗਾਇਆ ਗਿਆ ਹੈ।
• ਸਾਰੇ ਰਵਾਨਗੀ ਦੇ ਪ੍ਰਵੇਸ਼ ਗੇਂਟਾਂ 'ਤੇ ਡਿਸਪਲੇ ਬੋਰਡ ਲਗਾਏ ਗਏ ਹਨ ਜੋ ਉਡੀਕ ਸਮੇਂ ਦੇ ਸਬੰਧ ਵਿੱਚ ਅਸਲ ਸਮੇਂ ਦਾ ਡਾਟਾ ਪ੍ਰਦਾਨ ਕਰਦੇ ਹਨ। ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਜਾ ਰਹੀ ਹੈ।
• ਐਂਟਰੀ ਗੇਟ 'ਤੇ ਹਵਾਈ ਟਿਕਟ/ਬੋਰਡਿੰਗ ਪਾਸ ਅਤੇ ਪਛਾਣ ਸਬੂਤ ਦਸਤਾਵੇਜ਼ ਨਾਲ ਤਿਆਰ ਰਹਿਣ ਲਈ ਯਾਤਰੀਆਂ ਲਈ ਜਾਗਰੂਕਤਾ ਪੋਸਟਰ ਲਾਏ ਗਏ ਹਨ। ਯਾਤਰੀਆਂ ਦੀ ਸਹਾਇਤਾ ਲਈ ਐਂਟਰੀ ਗੇਟ 'ਤੇ ਸਮਰਪਿਤ ਸਟਾਫ਼ ਤਾਇਨਾਤ ਕੀਤਾ ਗਿਆ ਹੈ।
• ਯਾਤਰੀਆਂ ਦੇ ਦਾਖ਼ਲੇ ਲਈ ਦੋ ਵਾਧੂ ਐਂਟਰੀ ਗੇਟ ਖੋਲ੍ਹੇ ਗਏ ਹਨ।
• CISF ਵੱਲੋਂ ਵਾਧੂ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
• ਸਾਮਾਨ ਦੀ ਜਾਂਚ ਲਈ ਵਾਧੂ ਐਕਸ-ਰੇ ਮਸ਼ੀਨਾਂ ਦੀ ਤਾਇਨਾਤੀ ਕੀਤੀ ਗਈ ਹੈ।
• ਸੀ.ਸੀ.ਟੀ.ਵੀ ਅਤੇ ਕਮਾਂਡ ਸੈਂਟਰ ਰਾਹੀਂ ਨਿਗਰਾਨੀ।
• ਭੀੜ ਪ੍ਰਬੰਧਨ ਲਈ ਗਿਣਤੀ ਮੀਟਰਾਂ ਦੀ ਵਰਤੋਂ।
• ਏਅਰਪੋਰਟ ਆਪਰੇਟਰ ਨੂੰ ਟੀ-3 'ਤੇ ਫਲਾਈਟਾਂ ਨੂੰ ਘਟਾਉਣ ਜਾਂ ਪੀਕ ਘੰਟਿਆਂ ਦੌਰਾਨ ਹੋਰ ਦੋ ਟਰਮੀਨਲਾਂ 'ਤੇ ਸ਼ਿਫਟ ਕਰਨ ਦੀ ਸਲਾਹ ਦਿੱਤੀ ਗਈ ਹੈ।
• ਏਅਰਲਾਈਨਾਂ ਨੂੰ ਸਾਰੇ ਚੈੱਕ-ਇਨ/ਬੈਗੇਜ ਡਰਾਪ ਕਾਊਂਟਰਾਂ 'ਤੇ ਲੋੜੀਂਦੀ ਮੈਨਪਾਵਰ ਤਾਇਨਾਤ ਕਰਨ ਦੀ ਸਲਾਹ ਦਿੱਤੀ ਗਈ ਹੈ।
• ਹਵਾਈ ਯਾਤਰੀਆਂ ਨੂੰ ਚਿਹਰੇ ਦੀ ਪਛਾਣ ਤਕਨੀਕ 'ਤੇ ਆਧਾਰਿਤ ਬਾਇਓਮੀਟ੍ਰਿਕ ਸਮਰਥਿਤ ਸਹਿਜ ਯਾਤਰਾ ਅਨੁਭਵ ਲਈ ਡਿਜੀਯਾਤਰਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
• ਏਅਰਲਾਈਨਾਂ ਨੂੰ ਪ੍ਰਵੇਸ਼/ਸੁਰੱਖਿਆ ਗੇਟਾਂ 'ਤੇ ਯਾਤਰੀਆਂ ਦੇ ਸੁਚਾਰੂ ਪ੍ਰਵਾਹ ਦੀ ਸਹੂਲਤ ਲਈ ਜਾਰੀ ਕੀਤੀਆਂ ਟਿਕਟਾਂ 'ਤੇ ਬਾਰਕੋਡ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।