ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਹਰਜੋਤ ਸਿੰਘ ਬੈਂਸ, ਇਨ੍ਹਾਂ ਮਸਲਿਆਂ ''ਤੇ ਹੋਈ ਗੱਲ

Wednesday, Dec 04, 2024 - 07:49 PM (IST)

ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਹਰਜੋਤ ਸਿੰਘ ਬੈਂਸ, ਇਨ੍ਹਾਂ ਮਸਲਿਆਂ ''ਤੇ ਹੋਈ ਗੱਲ

ਨਵੀਂ ਦਿੱਲੀ : ਪੰਜਾਬ ਸਰਕਾਰ ਦੀ ਕੈਬਨਿਟ ਵਿਚ ਸਕੂਲ ਐਜੂਕੇਸ਼ਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕੇਂਦਰੀ ਸੜਖ ਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਮੰਤਰੀ ਸਾਹਮਣੇ ਪੰਜਾਬ ਦੇ ਸੜਕ ਸਬੰਧੀ ਮੁੱਖ ਮਸਲੇ ਰੱਖੇ। ਇਸ ਸਬੰਧੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਕੇ ਜਾਣਕਾਰੀ ਦਿੱਤੀ ਹੈ।

ਹਰਜੋਤ ਸਿੰਘ ਬੈਂਸ ਨੇ ਫੇਸਬੁੱਕ ਉੱਤੇ ਪਾਈ ਆਪਣੀ ਪੋਸਟ ਵਿਚ ਕਿਹਾ ਕਿ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਦੌਰਾਨ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਮਹੱਤਵਪੂਰਨ ਮਾਮਲਿਆਂ ਨੂੰ ਅੱਗੇ ਰੱਖਿਆ, ਜਿਨ੍ਹਾਂ ਵਿਚ ਸ਼੍ਰੀ ਕੀਰਤਪੁਰ ਸਾਹਿਬ ਤੋਂ ਨੰਗਲ- ਹਿਮਾਚਲ ਬਾਰਡਰ ਤੱਕ ਸੜਕ ਨੂੰ 4 ਮਾਰਗੀ ਕਰਨਾ, ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਸੜਕ ਨੂੰ 4 ਮਾਰਗੀ ਤੇ ਰਾਸ਼ਟਰੀ ਮਾਰਗ ਦਾ ਦਰਜਾ, ਨਵਾਂ ਗ੍ਰੀਨਫੀਲਡ ਐਕਸਪ੍ਰੈਸ ਵੇਅ 'ਗੁਰੂ ਗੋਬਿੰਦ ਸਿੰਘ ਐਕਸਪ੍ਰੈਸ ਵੇਅ', ਜੋ ਸ਼੍ਰੀ ਅਨੰਦਪੁਰ ਸਾਹਿਬ ਨੂੰ ਸ਼੍ਰੀ ਚਮਕੌਰ ਸਾਹਿਬ ਨਾਲ ਜੋੜੇਗਾ ਸ਼ਾਮਲ ਹੈ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਪੰਜਾਬ ਵਿੱਚ ਸੜਕਾਂ ਦੀ ਸੁਰੱਖਿਆ, ਧਾਰਮਿਕ ਸਥਲਾਂ ਤੱਕ ਪਹੁੰਚ ਅਤੇ ਟੂਰਿਜ਼ਮ ਨੂੰ ਵਧਾਉਣ ਲਈ ਮੁੱਖ ਭੂਮਿਕਾ ਨਿਭਾਉਣਗੇ। ਮਾਣਯੋਗ ਮੰਤਰੀ ਜੀ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਜਲਦ ਅਮਲ ਵਿੱਚ ਲਿਆਉਣ ਲਈ ਭਰੋਸਾ ਦਿੱਤਾ।  ਹਲਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ।


author

Baljit Singh

Content Editor

Related News