ਸਿਹਤ ਮੰਤਰੀ ਨੇ ਦਿੱਤੇ 2 ਡਾਕਟਰਾਂ ਨੂੰ ਮੁਅੱਤਲ ਕਰਨ ਦੇ ਹੁਕਮ

Saturday, Feb 22, 2020 - 08:07 PM (IST)

ਸਿਹਤ ਮੰਤਰੀ ਨੇ ਦਿੱਤੇ 2 ਡਾਕਟਰਾਂ ਨੂੰ ਮੁਅੱਤਲ ਕਰਨ ਦੇ ਹੁਕਮ

ਮੋਗਾ,(ਸੰਦੀਪ)–ਡੇਢ ਮਹੀਨਾ ਪਹਿਲਾਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਕੜਾਕੇ ਦੀ ਠੰਡ ਦੇ ਮੌਸਮ 'ਚ 9 ਜਨਵਰੀ ਦੀ ਤੜਕਸਾਰ ਲੇਬਰ ਰੂਮ ਦੇ ਬਾਹਰ ਫਰਸ਼ 'ਤੇ ਹੀ ਜਨਮੇਂ ਬੱਚੇ ਜਿਸਦੀ 6 ਦਿਨ ਬਾਅਦ 15 ਜਨਵਰੀ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਮੌਤ ਹੋ ਗਈ ਸੀ। ਇਸ ਘਟਨਾ ਦੀ ਲਾਪ੍ਰਵਾਹੀ ਦੇ ਮਾਮਲੇ 'ਚ ਅੱਜ ਮੋਗਾ ਵਿਖੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇਸ ਘਟਨਾ ਦਾ ਜ਼ਿੰਮੇਵਾਰ ਜਾਂਚ ਰਿਪੋਰਟ ਦੇ ਅਧਾਰ 'ਤੇ ਹਸਪਤਾਲ ਦੀ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਮਨੀਸ਼ਾ ਗੁਪਤਾ ਅਤੇ ਉਸਦੇ ਪਤੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਆਸ਼ੀਸ਼ ਅਗਰਵਾਲ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਕੀ ਸੀ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਪਿੰਡ ਬਾਜੇਕੇ ਨਿਵਾਸੀ ਅਮਨਦੀਪ ਕੌਰ ਪਤਨੀ ਗੁਰਦੇਵ ਸਿੰਘ ਵੱਲੋਂ 8 ਜਨਵਰੀ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਪੁੱਜਣ 'ਤੇ ਡਿਲੀਵਰੀ ਦਾ ਸਮਾਂ ਨੇੜੇ ਦੱਸਦੇ ਹੋਏ ਉਸ ਨੂੰ ਦਾਖਲ ਕੀਤਾ ਗਿਆ ਸੀ। ਮੌਕੇ 'ਤੇ ਵਾਰਡ 'ਚ ਮੌਜੂਦ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਸਾਰੀ ਰਾਤ ਹੀ ਅਮਨਦੀਪ ਕੌਰ ਡਲੀਵਰੀ ਦਰਦ ਨਾਲ ਤੜਫਦੀ ਰਹੀ ਪਰ ਉਸਦੇ ਜਾਂਚ 'ਚ ਲਾਪ੍ਰਵਾਹੀ ਹੋਣ ਕਰ ਕੇ ਉਸਨੇ ਫਰਸ਼ 'ਤੇ ਹੀ ਨਵਜਾਤ ਨੂੰ ਜਨਮ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ 5 ਮੈਂਬਰੀ ਜਾਂਚ ਕਮੇਟੀ ਵੀ ਨਿਯੁਕਤ ਕੀਤੀ ਗਈ ਸੀ, ਜਿਸ ਨੇ ਲਗਭਗ ਇਕ ਹਫਤੇ ਦੇ ਸਮੇਂ 'ਚ ਜਾਂਚ ਰਿਪੋਰਟ ਤਿਆਰ ਕਰ ਕੇ ਵਿਭਾਗੀ ਡਾਇਰੈਕਟਰ ਅਤੇ ਸੈਕਟਰੀ ਨੂੰ ਭੇਜੀ ਸੀ।

ਇਸ ਤਰ੍ਹਾਂ ਦੀ ਗੰਭੀਰ ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਸਿਹਤ ਮੰਤਰੀ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 'ਜਗ ਬਾਣੀ' ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਸਹੂਲਤਾਂ ਬਾਰੇ ਲੋੜਵੰਦਾਂ ਪ੍ਰਤੀ ਵਿਭਾਗ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਨ੍ਹਾਂ ਸਹੂਲਤਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਵਿਚ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਇਹ ਫੈਸਲਾ ਇਸ ਮਾਮਲੇ 'ਚ ਪੀੜ੍ਹਤਾਂ ਨੂੰ ਜਾਂਚ ਕਰਨ 'ਚ ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਵੱਲੋਂ ਵਰਤੀ ਗਈ ਲਾਪ੍ਰਵਾਹੀ ਅਤੇ ਬੱਚਿਆ ਦੇ ਰੋਗਾਂ ਦੇ ਮਹਿਰ ਡਾਕਟਰ ਵੱਲੋਂ ਬੱਚੇ ਦੀ ਜਾਂਚ ਵਿਚ ਵਰਤੀ ਗਈ ਲਾਪ੍ਰਵਾਹੀ ਮੁਆਫੀ ਯੋਗ ਨਹੀਂ ਹੈ।


Related News