ਮੰਤਰੀ ਧਾਲੀਵਾਲ ਵੱਲੋਂ ਸੁਖਬੀਰ ਬਾਦਲ 'ਤੇ ਚੁੱਕੇ ਸਵਾਲਾਂ 'ਤੇ ਅਕਾਲੀ ਦਲ ਦੀ ਤਿੱਖੀ ਪ੍ਰਤੀਕਿਰਿਆ

Friday, Aug 26, 2022 - 07:03 PM (IST)

ਮੰਤਰੀ ਧਾਲੀਵਾਲ ਵੱਲੋਂ ਸੁਖਬੀਰ ਬਾਦਲ 'ਤੇ ਚੁੱਕੇ ਸਵਾਲਾਂ 'ਤੇ ਅਕਾਲੀ ਦਲ ਦੀ ਤਿੱਖੀ ਪ੍ਰਤੀਕਿਰਿਆ

ਚੰਡੀਗੜ੍ਹ (ਬਿਊਰੋ) : ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਵੱਲੋਂ ਜਾਰੀ ਸੰਮਨ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫ਼ਰੰਸ ’ਤੇ ਪਲਟਵਾਰ ਕੀਤਾ ਹੈ। ਵਲਟੋਹਾ ਨੇ ਕਿਹਾ ਕਿ ਧਾਲੀਵਾਲ ਝੂਠ ਤੇ ਉੱਚੀ ਬੋਲ ਕੇ ਆਪਣੇ ਆਪ ਅਤੇ ਆਪਣੀ ਪਾਰਟੀ ਨੂੰ ਸਹੀ ਸਾਬਿਤ ਕਰਨਾ ਚਾਹੁੰਦੇ ਹਨ। ਉਹ ਅਜਿਹਾ ਪ੍ਰਗਟਾਵਾ ਕਰਨਾ ਚਾਹੁੰਦੇ ਹਨ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੰਜਾਬ ’ਚ 2015 ’ਚ ਵਾਪਰੀਆਂ ਘਟਨਾਵਾਂ ਪ੍ਰਤੀ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਵਾਲ ਧਾਲੀਵਾਲ ਨੇ ਚੁੱਕੇ ਹਨ, ਇਹੀ ਸਵਾਲ ਇਹ ਲੰਬੇ ਸਮੇਂ ਤੋਂ ਚੁੱਕ ਰਹੇ ਹਨ। ਇਹੀ ਸਵਾਲ ਕੈਪਟਨ ਅਮਰਿੰਦਰ ਸਿੰਘ ਚੁੱਕਦੇ ਰਹੇ ਹਨ, ਇਹੀ ਗੱਲਾਂ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਅਾਗੂ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ। ਇਨ੍ਹਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਕੇ ਇਨਸਾਫ਼ ਦੇਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀ ਸਿਆਸਤ ’ਚੋਂ ਕੁਝ ਨਹੀਂ ਨਿਕਲਣਾ। ਕ੍ਰਾਈਮ ਨੂੰ ਕ੍ਰਾਈਮ ਦੇ ਤਰੀਕੇ ਨਾਲ ਹੀ ਨਜਿੱਠਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : SKM ਦੀ ਮੀਟਿੰਗ ’ਚ ਲਏ ਅਹਿਮ ਫ਼ੈਸਲੇ, 5 ਸਤੰਬਰ ਤੋਂ ਕੈਬਨਿਟ ਮੰਤਰੀਆਂ ਦੀ ਰਿਹਾਇਸ਼ ਅੱਗੇ ਦੇਣਗੇ ਧਰਨਾ

ਵਲਟੋਹਾ ਨੇ ਕਿਹਾ ਕਿ ਕੁਲਦੀਪ ਧਾਲੀਵਾਲ ਸਿੱਧਾ ਝੂਠ ਬੋਲਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਉਸ ਸਮੇਂ ਢਾਈ ਸਾਲ ਸਨ, ਜਿਸ ਸਮੇਂ ਇਹ ਘਟਨਾ ਵਾਪਰੀ। ਇਹ ਘਟਨਾਵਾਂ ਅਕਤੂਬਰ 2015 ’ਚ ਵਾਪਰੀਆਂ ਸਨ ਅਤੇ ਦਸੰਬਰ 2016 ਵਿਚ ਚੋਣ ਜ਼ਾਬਤਾ ਲੱਗ ਗਿਆ ਸੀ। ਇਸ ਤਰ੍ਹਾਂ ਸਵਾ ਸਾਲ ਦਾ ਸਮਾਂ ਵੀ ਨਹੀਂ ਬਚਦਾ। ਇਸ ਤਰ੍ਹਾਂ ਧਾਲੀਵਾਲ ਦੇ ਝੂਠ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ। ਉਸ ਦੌਰਾਨ ਇਨ੍ਹਾਂ ਦੀ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਧਿਰਾਂ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮਜਬੂਰੀਵੱਸ ਇਨ੍ਹਾਂ ਕੇਸਾਂ ਦੀ ਇਨਕੁਆਰੀ ਸੀ. ਬੀ. ਆਈ. ਨੂੰ ਦੇਣੀ ਪਈ ਸੀ। ਇਹ ਵਾਰ-ਵਾਰ ਇਕ ਗੱਲ ਕਰਦੇ ਹਨ ਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਗੋਲ਼ੀ ਨਹੀਂ ਚੱਲ ਸਕਦੀ। ਮੇਰਾ ਇਨ੍ਹਾਂ ਨੂੰ ਇਕ ਸਵਾਲ ਹੈ ਕਿ ਜੇ ਇਹ ਸਹੀ ਹੈ ਤਾਂ 2004 ’ਚ ਅੰਮ੍ਰਿਤਸਰ ਦੇ ਮਾਨਾਂਵਾਲਾ ’ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ’ਤੇ ਗੋਲ਼ੀ ਚੱਲਣ ਨਾਲ ਦੋ ਕਿਸਾਨ ਸ਼ਹੀਦ ਹੋ ਗਏ ਸਨ, ਉਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਤੇ ਉਨ੍ਹਾਂ ਦੇ ਹੁਕਮਾਂ ’ਤੇ ਗੋਲ਼ੀ ਚੱਲੀ ਸੀ, ਇਸ ਤਰ੍ਹਾਂ ਤਾਂ ਕੈਪਟਨ ਵੀ ਦੋਸ਼ੀ ਹਨ। ਉਨ੍ਹਾਂ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅਕਾਲੀ ਅਾਗੂ ਨੇ ਕਿਹਾ ਕਿ ਮੈਂ ਕੁਲਦੀਪ ਧਾਲੀਵਾਲ ਨੂੰ ਪੁੱਛਣਾ ਤੇ ਦੱਸਣਾ ਵੀ ਚਾਹੁੰਦਾ ਹਾਂ ਕਿ ਤੁਹਾਡੀ ਸਰਕਾਰ ’ਚ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਰਜਿੰਦਰ ਗੁਪਤਾ ਦੀ ਬਰਨਾਲਾ ’ਚ ਟਰਾਈਡੈਂਟ ਇੰਡਸਟਰੀ ’ਚ 2006 ’ਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਲਗਾਤਾਰ ਵਧ ਰਹੇ ਨੇ ਏਡਜ਼ ਦੇ ਮਰੀਜ਼, ਹੁਣ ਘਰ-ਘਰ ਜਾ ਕੇ ਮਰੀਜ਼ਾਂ ਨੂੰ ਲੱਭਣਗੇ ਸਿਹਤ ਮੁਲਾਜ਼ਮ

ਇਹ ਘਟਨਾ ਕੈਪਟਨ ਅਰਮਿੰਦਰ ਸਿੰਘ ਦੀ ਸਰਕਾਰ ਦੌਰਾਨ ਵਾਪਰੀ ਸੀ। ਉਥੇ ਗੋਲ਼ੀ ਚੱਲੀ ਤੇ ਕਿਸਾਨ ਸ਼ਹੀਦ ਹੋਏ ਅਤੇ ਵੱਡੀ ਗਿਣਤੀ ’ਚ ਕਿਸਾਨ ਜ਼ਖ਼ਮੀ ਵੀ ਹੋਏ ਸਨ। ਇਸ ਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡਾ ਵਾਈਸ ਚੇਅਰਮੈਨ ਵੀ ਦੋਸ਼ੀ ਹੈ ਅਤੇ ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਮਾਮਲਿਆਂ ਨੂੰ 18 ਸਾਲ ਜਾਂ 16 ਸਾਲ ਹੋ ਗਏ, ਭਾਵੇਂ 50 ਸਾਲ ਹੀ ਹੋ ਗਏ ਹੋਣ, ਉਨ੍ਹਾਂ ਨੂੰ ਛੱਡ ਦੇਈਏ। ਤੁਹਾਡੀ ਸਰਕਾਰ ਦੀ ਹੀ ਗੱਲ ਕਰ ਲੈਂਦੇ ਹਾਂ। 4 ਮਹੀਨੇ ਪਹਿਲਾਂ ਹੀ 29 ਅਪ੍ਰੈਲ ਨੂੰ ਪਟਿਆਲਾ ’ਚ ਕਾਲੀ ਮਾਤਾ ਦੇ ਮੰਦਿਰ ਸਾਹਮਣੇ ਗੋਲ਼ੀਆਂ ਚੱਲੀਆਂ ਸਨ ਅਤੇ ਐੱਸ. ਐੱਸ. ਪੀ. ਗੋਲ਼ੀ ਚਲਾ ਰਿਹਾ ਸੀ। ਇਸ ਦੌਰਾਨ ਪਾਕਿਸਤਾਨ ਦੇ ਖੇਮਕਰਨ ਦੇ ਬਾਰਡਰ ਵਾਂਗ ਗੋਲ਼ੀਆਂ ਚਲਾਈਆਂ ਗਈਆਂ ਸਨ। ਇਹ ਗੋਲ਼ੀਆਂ ਮੁੱਖ ਮੰਤਰੀ ਦੇ ਹੁਕਮਾਂ ’ਤੇ ਹੀ ਚੱਲੀਆਂ ਸਨ। ਉਨ੍ਹਾਂ ਗੋਲ਼ੀਆਂ ਨਾਲ ਇਕ ਸਿੱਖ ਨੌਜਵਾਨ ਜ਼ਖ਼ਮੀ ਹੋਇਆ ਨਜ਼ਰ ਆਉਂਦਾ ਹੈ। ਇਸ ਨੂੰ ਲੈ ਕੇ 307 ਧਾਰਾ ਤਾਂ ਬਣਦੀ ਹੀ ਹੈ। ਇਸ ਤਰ੍ਹਾਂ 307 ਮੌਕੇ ’ਤੇ ਮੌਜੂਦ ਪੁਲਸ ਅਫ਼ਸਰਾਂ ’ਤੇ ਜਾਂ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ’ਤੇ ਦਰਜ ਹੋਣੀ ਚਾਹੀਦੀ ਹੈ। ਇਸ ਦਾ ਜਵਾਬ ਧਾਲੀਵਾਲ ਜ਼ਰੂਰ ਦੇਣ। ੳੁਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਗੋਲ਼ੀ ਨਹੀਂ ਚੱਲਦੀ ਤਾਂ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਜਿਹੜੀ ਗੋਲ਼ੀ ਚੱਲੀ ਹੈ, ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਚੱਲੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Manoj

Content Editor

Related News