ਮੰਤਰੀ ਧਾਲੀਵਾਲ ਨੇ ਰੂਸੀ ਫ਼ੌਜ 'ਚ ਜ਼ਬਰੀ ਭਰਤੀ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਦਦ ਦਾ ਦਿੱਤਾ ਭਰੋਸਾ

03/08/2024 2:16:26 PM

ਗੁਰਦਾਸਪੁਰ/ਦੀਨਾਨਗਰ (ਵਿਨੋਦ,ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਅਤੇ ਅਵਾਂਖਾ ਵਿਖੇ ਪਹੁੰਚ ਕੇ ਇਥੋਂ ਦੇ ਜੋ ਨੌਜਵਾਨ ਰੂਸੀ ਫ਼ੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਆਪਣੇ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਹੀਲਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

ਇਸ ਮੌਕੇ ਪਿੰਡ ਡੇਹਰੀਵਾਲ ਕਿਰਨ ਵਸਨੀਕ ਬਲਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗਗਨਦੀਪ ਸਿੰਘ 23 ਦਸੰਬਰ 2023 ਨੂੰ ਟੂਰਸਿਟ ਵੀਜੇ ’ਤੇ ਰੂਸ ਘੁੰਮਣ ਗਿਆ ਸੀ, ਜਿਥੇ ਰੂਸ ਦੀ ਫੌਜ ਨੇ ਉਸ ਸਮੇਤ ਹੋਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਫੜ੍ਹ ਕੇ ਰੂਸੀ ਫ਼ੌਜ ਵਿੱਚ ਭਰਤੀ ਕਰਕੇ ਰੂਸ-ਯੂਕਰੇਨ ਦੀ ਜੰਗ ਵਿੱਚ ਝੋਕ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦ ਵਾਪਸ ਲਿਆਂਦਾ ਜਾਵੇ।

ਇਹ ਵੀ ਪੜ੍ਹੋ : ਗੰਨ ਹਾਊਸ ’ਚੋਂ ਹਥਿਆਰਾਂ ਦੀ ਚੋਰੀ ਦਾ ਮਾਮਲਾ: ਹੁਣ ਤੱਕ 7 ਮੁਲਜ਼ਮ 18 ਹਥਿਆਰਾਂ ਸਣੇ ਗ੍ਰਿਫ਼ਤਾਰ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੂਸ ਵਿੱਚ ਫਸੇ ਨੌਜਵਾਨਾਂ ਵਿਚੋਂ ਤਿੰਨ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ, ਅਵਾਂਖਾ ਅਤੇ ਜੰਡੇਹ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਇੱਕ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਤੇ ਦੋ ਹਰਿਆਣੇ ਦੇ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਦਾ ਅਜੇ ਪਤਾ ਲੱਗਣਾ ਬਾਕੀ ਹੈ ਜੋ ਜਲਦ ਹੀ ਪਤਾ ਲਗਾ ਲਿਆ ਜਾਵੇਗਾ।

ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਹ ਮਸਲਾ ਵਿਦੇਸ਼ ਮੰਤਰਾਲੇ, ਰੂਸ ਵਿੱਚ ਭਾਰਤੀ ਰਾਜਦੂਤ ਅਤੇ ਭਾਰਤ ਵਿੱਚ ਰੂਸੀ ਸਫ਼ੀਰ ਕੋਲ ਉਠਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾ ਕੇ ਇਹ ਮੰਗ ਕੀਤੀ ਹੈ ਕਿ ਇਹ ਬੜਾ ਗੰਭੀਰ ਮਾਮਲਾ ਹੈ, ਜਿਸ ਨੂੰ ਜਲਦ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਨਾਲ ਸਬੰਧਤ ਹਨ, ਜੋ ਵਿਜ਼ਟਰ ਵੀਜ਼ੇ ’ਤੇ ਰੂਸ ਗਏ ਸਨ, ਪਰ ਉਨ੍ਹਾਂ ਨੂੰ ਜ਼ਬਰਨ ਰੂਸੀ ਮਿਲਟਰੀ ਵਿੱਚ ਸ਼ਾਮਲ ਕਰ ਲਿਆ ਗਿਆ।

ਇਹ ਵੀ ਪੜ੍ਹੋ :  ਭਾਰਤੀ ਸਰਹੱਦ ’ਚ ਘੁੰਮਦਾ ਪਾਕਿ ਨਾਗਰਿਕ BSF ਨੇ ਕੀਤਾ ਕਾਬੂ, ਤਿੰਨ ID ਕਾਰਡ ਤੇ ਇਹ ਸਾਮਾਨ ਹੋਇਆ ਬਰਾਮਦ

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਹਰ ਤਰ੍ਹਾਂ ਦੀ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਨੌਜਵਾਨਾਂ ਨੂੰ ਭੇਜਣ ਸਮੇਂ ਏਜੰਟਾਂ ਵੱਲੋਂ ਵੀਜ਼ਾ ਨਿਯਮਾਂ ਜਾਂ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ, ਜੇਕਰ ਕੁਝ ਗਲਤ ਪਾਇਆ ਗਿਆ ਤਾਂ ਏਜੰਟਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦੀਨਾਨਗਰ ਨੇੜਲੇ ਪਿੰਡ ਅਵਾਂਖਾ ਵਿਖੇ ਨੌਜਵਾਨ ਰਵਨੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ, ਮਾਤਾ ਕੁਲਵੰਤ ਕੌਰ ਅਤੇ ਜੰਡੇਹ ਦੇ ਨੌਜਵਾਨ ਵਿਕਰਮ ਸਿੰਘ ਦੇ ਪਿਤਾ ਜਸਬੀਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਪੰਜਾਬ ਦੇ ਸਾਰੇ ਨੌਜਵਾਨ ਸਰੁੱਖਿਅਤ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਵਿੱਚ ਜਿੰਨੇ ਵੀ ਪੰਜਾਬੀ ਵਿਦੇਸ਼ਾਂ ਵਿੱਚ ਫਸੇ ਸਨ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਪੰਜਾਬ ਸਰਕਾਰ ਕਾਮਯਾਬ ਰਹੀ ਹੈ। ਉਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਬਿਲਕੁਲ ਨਾ ਘਬਰਾਉਣ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮਨਾਉਣ ਲਈ ਭਾਰਤ ਤੋਂ 62 ਹਿੰਦੂ ਸ਼ਰਧਾਲੂ ਪਹੁੰਚੇ ਪਾਕਿਸਤਾਨ, ਇਨ੍ਹਾਂ ਸਥਾਨਾਂ ਦੇ ਵੀ ਕਰਨਗੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News